CAA ਦੇ ਸਮਰਥਨ ’ਚ ਭਾਜਪਾ ਘਰ-ਘਰ ਜਾ ਕੇ ਲੋਕਾਂ ਨੂੰ ਕਰੇਗੀ ਜਾਗਰੂਕ
Friday, Jan 03, 2020 - 05:56 PM (IST)

ਨਵੀਂ ਦਿੱਲੀ— ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਦੇ ਸੀਨੀਅਰ ਨੇਤਾ 5 ਜਨਵਰੀ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਬਾਰੇ ਜਾਗਰੂਕ ਕਰਨਗੇ। ਇਹ ਮੁਹਿੰਮ 10 ਦਿਨਾਂ ਤੱਕ ਚੱਲੇਗੀ, ਜਿਸ ਦੌਰਾਨ ਪਾਰਟੀ ਦਾ 3 ਕਰੋੜ ਪਰਿਵਾਰਾਂ ਨਾਲ ਸੰਪਰਕ ਕਰਨ ਦਾ ਇਰਾਦਾ ਹੈ। ਭਾਜਪਾ ਇਸ ਮੁਹਿੰਮ ਰਾਹੀਂ ਕਾਨੂੰਨ ਵਿਰੁੱਧ ਵਿਰੋਧੀ ਦਲਾਂ ਦੇ ਪ੍ਰਚਾਰ ਨੂੰ ਵੀ ਨਿਸ਼ਾਨੇ ’ਤੇ ਲੈਣਾ ਚਾਹੁੰਦੀ ਹੈ। ਭਾਜਪਾ ਦੇ ਜਨਰਲ ਸਕੱਤਰ ਅਨਿਲ ਜੈਨ ਨੇ ਦੱਸਿਆ ਕਿ ਸ਼ਾਹ ਜਿੱਥੇ ਰਾਸ਼ਟਰੀ ਰਾਜਧਾਨੀ ’ਚ ਹੋਣਗੇ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਗਾਜ਼ੀਆਬਾਦ ’ਚ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਰਾਜਨਾਥ ਸਿੰਘ ਲਖਨਊ, ਨਿਤਿਨ ਗਡਕਰੀ ਨਾਗਪੁਰ ਅਤੇ ਨਿਰਮਲਾ ਸੀਤਾਰਮਣ ਜੈਪੁਰ ’ਚ ਪਹਿਲੇ ਦਿਨ ਮੁਹਿੰਮ ਦੀ ਅਗਵਾਈ ਕਰਨਗੇ।
ਜੈਨ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਲਈ ਨਾਗਰਿਕਤਾ ਨਾਲ ਜੁੜੇ ਕਿਸੇ ਵੀ ਕਵਾਇਦ ਤੋਂ ਚਿੰਤਤ ਹੋਣ ਦਾ ਕੋਈ ਕਾਰਨ ਨਹੀਂ ਹੈ, ਭਾਵੇਂ ਉਹ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਹੋਵੇ ਜਾਂ ਐੱਨ.ਆਰ.ਸੀ.। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਇਕ ਮਾਤਰ ਧਰਮ ਉਸ ਦਾ ਸੰਵਿਧਾਨ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਐਲਾਨ ਪੱਤਰ ਰਹੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਨੂੰ ਲਾਗੂ ਕਰਨ ਨੂੰ ਲੈ ਕੇ ਜਦੋਂ ਵੀ ਕੋਈ ਫੈਸਲਾ ਲਿਆ ਜਾਵੇਗਾ, ਉਸ ’ਤੇ ਰਾਸ਼ਟਰਵਿਆਪੀ ਚਰਚਾ ਹੋਵੇਗੀ ਪਰ ਹਾਲੇ ਤੱਕ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਮੁਸਲਮਾਨਾਂ ’ਚ ਚਿੰਤਾ ਨੂੰ ਲੈ ਕੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ,‘‘ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੇ ਤੌਰ ’ਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਕਿਸੇ ਵੀ ਭਾਰਤੀ ਮੁਸਲਮਾਨ ਲਈ ਕੋਈ ਖਤਰਾ ਨਹੀਂ ਹੋ ਸਕਦਾ ਭਾਵੇਂ ਜੋ ਵੀ ਵਿਵਸਥਾ ਆਏ, ਉਹ ਭਾਵੇਂ ਐੱਨ.ਪੀ.ਆਰ. ਹੋਵੇ ਜਾਂ ਐੱਨ.ਆਰ.ਸੀ.।’’ ਜੈਨ ਨੇ ਕਿਹਾ,‘‘ਸੰਵਿਧਾਨ ਇਨ੍ਹਾਂ ਚਿੰਤਾਵਾਂ ਦਾ ਧਿਆਨ ਰੱਖੇਗਾ। ਭਾਰਤ ਦਾ ਸਿਰਫ਼ ਇਕ ਧਰਮ ਹੈ, ਜੋ ਸੰਵਿਧਾਨ ਹੈ।’’ ਉਨ੍ਹਾਂ ਨੇ ਵਿਰੋਧੀ ਦਲਾਂ ’ਤੇ ਸਿਆਸੀ ਕਾਰਨਾਂ ਕਰ ਕੇ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ।