ਜ਼ਿਮਨੀ ਚੋਣ: ਕੌਣ ਸੰਭਾਲੇਗਾ ‘ਆਦਮਪੁਰ’ ਦੀ ਕਮਾਨ? ਫ਼ੈਸਲਾ ਅੱਜ
Sunday, Nov 06, 2022 - 03:25 AM (IST)

ਨੈਸ਼ਨਲ ਡੈਸਕ: 3 ਨਵੰਬਰ 2022 ਨੂੰ ਹਰਿਆਣਾ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਜ਼ਿਮਨੀ ਚੋਣ ਲਈ ਵੋਟਾਂ ਪਈਆਂ ਸਨ। ਵੋਟਾਂ ਨੂੰ ਲੈ ਕੇ ਆਦਮਪੁਰ ਦੀ ਜਨਤਾ ਵਿਚਾਲੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਲੱਗਭਗ 75 ਫ਼ੀਸਦੀ ਵੋਟਾਂ ਪਈਆਂ ਸਨ। ਜਨਤਾ ਨੇ ਉਮੀਦਵਾਰਾਂ ਦੀ ਕਿਸਮਤ ਨੂੰ ਈ. ਵੀ. ਐੱਮ. ’ਚ ਬੰਦ ਕਰ ਦਿੱਤਾ। ਅੱਜ ਵੋਟਾਂ ਦੀ ਗਿਣਤੀ ਮਗਰੋਂ ਤਸਵੀਰ ਸਾਫ਼ ਹੋ ਜਾਵੇਗੀ। ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ।
ਇਹ ਵੀ ਪੜ੍ਹੋ- ਆਦਮਪੁਰ ’ਚ ਸ਼ੁਰੂ ਹੋਈ ਵੋਟਿੰਗ, ਕੁਲਦੀਪ ਬਿਸ਼ਨੋਈ ਨੇ ਪਰਿਵਾਰ ਸਮੇਤ ਪਾਈ ਵੋਟ
ਦੱਸ ਦੇਈਏ ਕਿ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੇ ਭਾਜਪਾ ਦੀ ਟਿਕਟ ’ਤੇ ਆਦਮਪੁਰ ਤੋਂ ਜ਼ਿਮਨੀ ਚੋਣ ਲੜੀ ਹੈ। ਉਨ੍ਹਾਂ ਨੂੰ ਟੱਕਰ ਦੇਣ ਲਈ ਕਾਂਗਰਸ ਦੇ ਜੈਪ੍ਰਕਾਸ਼ ਅਤੇ ਕਰੀਬ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਤਿੰਦਰ ਸਿੰਘ ਅਤੇ ਕਾਂਗਰਸ ਤੋਂ ਬਾਗੀ ਹੋਏ ਕੁਰਦਰਾਮ ਨੰਬਰਦਾਰ ਇਨੈਲੋ ਦੀ ਟਿਕਟ ’ਤੇ ਆਦਮਪੁਰ ਦੀ ਲੜਾਈ ਵਿਚ ਕਿਸਮਤ ਅਜ਼ਮਾਉਣ ਲਈ ਮੈਦਾਨ ’ਚ ਨਿੱਤਰੇ ਸਨ। ਦਿਲਚਸਪ ਗੱਲ ਹੈ ਕਿ ਵੋਟਾਂ ਦੀ ਗਿਣਤੀ ਤੋਂ ਸਾਫ਼ ਹੋ ਜਾਵੇਗਾ ਕਿ ਆਖ਼ਰਕਾਰ ਆਦਮਪੁਰ ਦੀ ਕਮਾਨ ਕੌਣ ਸੰਭਾਲਦਾ ਹੈ।
ਦੱਸ ਦੇਈਏ ਕਿ ਆਦਮਪੁਰ ਸੀਟ ਸਾਬਕਾ ਮੁੱਖ ਮੰਤਰੀ ਭਜਨਲਾਲ ਪਰਿਵਾਰ ਦਾ ਗੜ੍ਹ ਹੈ। ਉਨ੍ਹਾਂ ਦਾ ਪਰਿਵਾਰ ਇਸ ਸੀਟ ਤੋਂ ਜਿੱਤਦਾ ਆ ਰਿਹਾ ਹੈ। ਆਦਮਪੁਰ ’ਚ ਭਜਨਲਾਲ ਦੀ ਤੀਜੀ ਪੀੜ੍ਹੀ ਭਵਿਆ ਬਿਸ਼ਨੋਈ ਨੇ ਜ਼ਿਮਨੀ ਚੋਣ ਲੜੀ ਹੈ। ਹਾਲਾਂਕਿ ਭਵਿਆ ਕੋਲ ਰਾਜਨੀਤੀ ਦਾ ਕੋਈ ਲੰਬਾ-ਚੌੜਾ ਤਜ਼ਰਬਾ ਤਾਂ ਨਹੀਂ ਪਰ ਦਾਦਾ ਭਜਨਲਾਲ ਦੀ ਵਿਰਾਸਤ ਦੇ ਸਹਾਰੇ ਉਹ ਚੁਣਾਵੀ ਜਿੱਤ ਦੀ ਉਮੀਦ ਲਾ ਕੇ ਬੈਠੇ ਹਨ।
ਇਹ ਵੀ ਪੜ੍ਹੋ- ਆਦਮਪੁਰ 'ਚ ਵੋਟਿੰਗ ਸਮਾਪਤ, ਇਕ ਦਿਨ 'ਚ ਪਈਆਂ 75.25 ਫ਼ੀਸਦੀ ਵੋਟਾਂ
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਆਦਮਪੁਰ ਸੀਟ ਤੋਂ ਇਲਾਵਾ ਮਹਾਰਾਸ਼ਟਰ ਦੀ ਅੰਧੇਰੀ ਪੂਰਬੀ, ਬਿਹਾਰ ਦੀਆਂ ਦੋ ਸੀਟਾਂ- ਗੋਪਾਲਗੰਜ ਅਤੇ ਮੋਕਾਮਾ, ਤੇਲੰਗਾਨਾ ਦੀ ਮੁਨੁਗੋਡੇ, ਉੱਤਰ ਪ੍ਰਦੇਸ਼ ਦੀ ਗੋਲਾ ਗੋਕਰਨਾਥ ਅਤੇ ਓਡੀਸ਼ਾ ਦੀ ਧਾਮਨਗਰ ਵਿਧਾਨ ਸਭਾ ਸੀਟਾਂ ’ਤੇ ਵੀ ਵੋਟਾਂ ਪਈਆਂ। ਇਨ੍ਹਾਂ ਸੂਬਿਆਂ ਦੀਆਂ ਸੀਟਾਂ ’ਤੇ ਅੱਜ ਹੀ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਫ਼ੈਸਲਾ ਹੋਵੇਗਾ ਕਿ ਕੌਣ ਉਮੀਦਵਾਰ ਬਾਜ਼ੀ ਮਾਰਦਾ ਹੈ।