ਓਡਿਸ਼ਾ 'ਚ ਕੱਲ ਤੋਂ ਦੌੜਣਗੀਆਂ ਬੱਸਾਂ ਅਤੇ ਟਰੇਨਾਂ, ਸਰਕਾਰ ਨੇ ਦਿੱਤੀ ਹਰੀ ਝੰਡੀ

05/24/2020 6:59:17 PM

ਭੁਵਨੇਸ਼ਵਰ - ਓਡਿਸ਼ਾ ਸਰਕਾਰ ਨੇ ਸੋਮਵਾਰ ਤੋਂ ਸੂਬੇ ਦੇ ਅੰਦਰ ਬੱਸਾਂ ਦੇ ਸੰਚਾਲਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸੋਮਵਾਰ ਤੋਂ ਹੁਣ ਰਾਜ ਦੇ ਅੰਦਰ ਬੱਸਾਂ ਚੱਲ ਸਕਣਗੀਆਂ। ਚੱਕਰਵਾਤੀ ਤੂਫਾਨ ਅਮਫਾਨ ਕਾਰਨ ਕੁੱਝ ਦਿਨਾਂ ਲਈ ਮਜ਼ਦੂਰ ਸਪੈਸ਼ਲ ਟਰੇਨਾਂ ਦਾ ਸੰਚਾਲਨ ਵੀ ਬੰਦ ਸੀ, ਜਿਸ ਨੂੰ ਸੋਮਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

ਓਡਿਸ਼ਾ 'ਚ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਬੱਸਾਂ ਦੀ ਆਵਾਜਾਈ 'ਤੇ ਰੋਕ ਲੱਗੀ ਸੀ, ਜਿਸ ਨੂੰ 25 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਸਪੈਸ਼ਲ ਰਿਲੀਫ ਕਮਿਸ਼ਨਰ (ਐਸ.ਆਰ.ਸੀ.) ਪੀ.ਕੇ. ਜੇਨਾ ਨੇ ਇੰਡੀਆ ਟੁਡੇ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸੂਬੇ ਦੇ ਅੰਦਰ 25 ਮਈ ਤੋਂ ਟਰੇਨਾਂ ਦਾ ਸੰਚਾਲਨ ਵੀ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਅਤੇ ਭਾਰਤੀ ਰੇਲਵੇ ਵਲੋਂ ਜਾਰੀ ਸਡੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਨੂੰ ਧਿਆਨ 'ਚ ਰੱਖਦੇ ਹੋਏ ਟਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾ ਰਿਹਾ ਹੈ।

ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਹੋਰ ਇਲਾਕਿਆਂ 'ਚ ਰਾਜ ਸਰਕਾਰ ਨੇ ਕਈ ਸਰਗਰਮੀਆਂ ਸ਼ੁਰੂ ਕਰਣ ਦੀ ਇਜਾਜ਼ਤ ਦਿੱਤੀ ਹੈ। ਟੂ-ਵਹੀਲਰ, ਪ੍ਰਾਈਵੇਟ ਗੱਡੀਆਂ, ਸਰਕਾਰੀ ਗੱਡੀਆਂ, ਟੈਕਸੀ (ਓਲਾ-ਉਬਰ ਦੀਆਂ ਗੱਡੀਆਂ), ਫੋਰ-ਵਹੀਲਰ ਅਤੇ ਆਟੋ ਰਿਕਸ਼ਾ (ਡਰਾਇਵਰ ਤੋਂ ਇਲਾਵਾ ਦੋ ਸਵਾਰੀ ਦੀ ਇਜਾਜ਼ਤ) ਸ਼ੁਰੂ ਕਰਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰੀ ਟ੍ਰਾਂਸਪੋਰਟ, ਨਿਜੀ ਗੱਡੀਆਂ ਅਤੇ ਟੈਕਸੀ ਨੂੰ ਏਅਰਪੋਰਟ, ਸਟੇਸ਼ਨ, ਬੱਸ ਟਰਮਿਨਸ, ਸਟੈਂਡ ਜਾਂ ਸਟਾਪ ਤੋਂ ਸਵਾਰੀਆਂ ਨੂੰ ਲਿਆਉਣ- ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਹਾਲਾਂਕਿ ਸਮੁੱਚੇ ਓਡਿਸ਼ਾ 'ਚ ਜੋ ਲੋਕ ਸਫਰ ਕਰਣਗੇ, ਉਨ੍ਹਾਂ ਨੂੰ ਕੁੱਝ ਖਾਸ ਨਿਯਮਾਂ ਦਾ ਪਾਲਣ ਕਰਣ ਦੀ ਹਿਦਾਇਤ ਦਿੱਤੀ ਗਈ ਹੈ। ਲੋਕਾਂ ਨੂੰ ਫੇਸ ਮਾਸਕ ਲਗਾਉਣਾ ਹੋਵੇਗਾ ਅਤੇ ਜਿਨ੍ਹਾਂ 'ਚ ਕੋਵਿਡ-19 ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਯਾਤਰਾ ਦੀ ਮਨਜ਼ੂਰੀ ਨਹੀਂ ਹੋਵੇਗੀ। ਇਹ ਨਿਯਮ ਟ੍ਰਾਂਸਪੋਰਟ ਦੇ ਸਾਰੇ ਸਾਧਨਾਂ 'ਤੇ ਇੱਕ ਸਮਾਨ ਲਾਗੂ ਹੋਣਗੇ। ਭਾਵ ਸਰਕਾਰੀ ਜਾਂ ਪ੍ਰਾਈਵੇਟ ਵਾਹਨਾਂ 'ਚ ਇਨ੍ਹਾਂ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੋਵੇਗਾ।


Inder Prajapati

Content Editor

Related News