ਕਮਾਲ ਹੈ! ਮਹਿੰਗੇ ਪਲਾਟ ਵੇਚਣ ਲਈ ਬਿਲਡਰਾਂ ਨੇ ਬਣਾ ''ਤਾ ''ਨਕਲੀ ਪੁਲ''
Friday, Apr 04, 2025 - 05:24 PM (IST)

ਪੂਰਨੀਆ- ਖੇਤ ਅਤੇ ਖੇਤ ਵਿਚ ਪੁਲ। ਤੁਸੀਂ ਵੀ ਵੇਖੋਗੇ ਤਾਂ ਇਹ ਹੀ ਕਹੋਗੇ ਕਿ ਇਹ ਕੋਈ ਵੱਡਾ ਪ੍ਰਾਜੈਕਟ ਹੈ। ਇਹ ਪੁਲ ਬਣਿਆ ਹੈ ਬਿਹਾਰ ਦੇ ਖੇਤਾਂ 'ਚ। ਦਰਅਸਲ ਬਿਹਾਰ ਦੇ ਰੀਅਲ ਅਸਟੇਟ ਘਪਲੇ ਨੇ ਧੋਖੇ ਦੇ ਇਕ ਨਵੇਂ ਪੱਧਰ ਛੂਹ ਲਿਆ। ਬਿਹਾਰ ਦੇ ਪੂਰਨੀਆ ਵਿਚ ਬਿਲਡਰਾਂ ਨੇ ਖਰੀਦਦਾਰਾਂ ਨੂੰ ਇਹ ਭਰੋਸਾ ਦਿਵਾਉਣ ਲਈ ਇਕ ਨਕਲੀ ਪੁਲ ਬਣਾ ਦਿੱਤਾ ਕਿ ਇੱਥੇ ਇਕ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਚੱਲ ਰਿਹਾ ਹੈ। ਇਸ ਦੇ ਪਿੱਛੇ ਦੀ ਮੰਸ਼ਾ ਵੀ ਬੇਹੱਦ ਦਿਲਚਸਪ ਹੈ। ਜ਼ਮੀਨ ਦੀਆਂ ਕੀਮਤਾਂ ਲਈ ਬਿਲਡਰਾਂ ਨੇ ਇਹ ਨਕਲੀ ਪੁਲ ਬਣਾਇਆ ਹੈ।
ਹਾਲਾਂਕਿ ਇਸ ਦਾ ਨਿਰਮਾਣ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲ ਬਣਾਏ ਜਾਣ ਦੀ ਖ਼ਬਰ ਨਗਰ ਨਿਗਮ ਨੂੰ ਕੰਨੋਂ ਕੰਨੀਂ ਨਹੀਂ ਲੱਗੀ। ਇਹ ਲੋਕ ਨਦੀ 'ਤੇ ਨਿੱਜੀ ਤੌਰ 'ਤੇ ਇਕ ਪੁਲ ਦਾ ਨਿਰਮਾਣ ਕਰਵਾਉਣ ਲੱਗੇ, ਤਾਂ ਕਿ ਨਦੀ ਕੋਲ ਖਰੀਦੀ ਗਈ ਜ਼ਮੀਨ ਨੂੰ ਕਈ ਗੁਣਾ ਜ਼ਿਆਦਾ ਕੀਮਤਾਂ 'ਤੇ ਵੇਚ ਸਕੇ ਅਤੇ ਜ਼ਿਆਦਾ ਮੁਨਾਫਾ ਕਮਾ ਸਕਣ। ਸ਼ਿਕਾਇਤ ਮਿਲਣ ਮਗਰੋਂ ਵੀਰਵਾਰ ਨੂੰ ਨਗਰ ਨਿਗਮ ਦੀ ਟੀਮ ਪੁਲ ਤੋੜਨ ਲਈ JCB ਨਾਲ ਉਸਾਰੀ ਵਾਲੀ ਥਾਂ 'ਤੇ ਪਹੁੰਚੀ ਤਾਂ ਸਥਾਨਕ ਲੋਕ ਵਿਰੋਧ ਵਿਚ ਉਤਰ ਆਏ। ਟੀਮ ਨੂੰ ਬਿਨਾਂ ਭੰਨ-ਤੋੜ ਕੀਤੇ ਗਏ ਵਾਪਸ ਪਰਤਣਾ ਪਿਆ। ਦਰਅਸਲ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲ ਨਿਰਮਾਣ ਨਾਲ ਉਨ੍ਹਾਂ ਨੂੰ ਸਹੂਲਤ ਹੋਵੇਗੀ।
ਦੱਸ ਦੇਈਏ ਕਿ ਇਹ ਕੋਈ ਇਕੱਲਾ ਅਤੇ ਨਵਾਂ ਮਾਮਲਾ ਨਹੀਂ ਹੈ। ਜ਼ਮੀਨ ਦੇ ਵਰਗੀਕਰਨ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੋਂ ਲੈ ਕੇ ਗੁੰਮਰਾਹਕੁੰਨ ਇਸ਼ਤਿਹਾਰਾਂ ਤੱਕ ਅਜਿਹੇ ਘਪਲੇ ਸਾਲਾਂ ਤੋਂ ਬਿਹਾਰ ਵਿਚ ਸਾਹਮਣੇ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਨੂੰ ਇਸ ਦੀ ਭਿਣਕ ਨਹੀਂ ਲੱਗੀ। ਬਿਨਾਂ ਇਜਾਜ਼ਤ ਬਣਵਾਇਆ ਜਾ ਰਿਹਾ ਪੁਲ ਹੈ ਤਾਂ ਗੈਰ-ਕਾਨੂੰਨੀ ਹੀ।