ਇਰਾਨ ਨੇ ਮੰਗ ਲਈ ਮੁਆਫ਼ੀ ਤੇ ਕਰ''ਤਾ ਸਰੰਡਰ ! ਜੰਗ ਵਿਚਾਲੇ ਟਰੰਪ ਦਾ ਵੱਡਾ ਦਾਅਵਾ
Saturday, Mar 07, 2026 - 05:15 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਅੱਗੇ 'ਸਰੰਡਰ' ਕਰ ਦਿੱਤਾ ਹੈ। ਇਹ ਬਿਆਨ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵੱਲੋਂ ਗੁਆਂਢੀ ਦੇਸ਼ਾਂ ਤੋਂ ਮੁਆਫੀ ਮੰਗਣ ਤੋਂ ਬਾਅਦ ਆਇਆ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਹੁਣ 'ਹਾਰ ਚੁੱਕਾ ਹੈ'। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਰਾਨ ਆਪਣੀਆਂ ਪ੍ਰਮਾਣੂ ਅਤੇ ਮਿਜ਼ਾਈਲ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਆਪਣੀ ਫੌਜੀ ਕਾਰਵਾਈ ਜਾਰੀ ਰੱਖੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਇਰਾਨ, ਜੋ ਕਿ ਬੁਰੀ ਤਰ੍ਹਾਂ ਹਾਰ ਰਿਹਾ ਹੈ, ਨੇ ਮੁਆਫ਼ੀ ਮੰਗ ਲਈ ਹੈ ਤੇ ਮਿਡਲ ਈਸਟ ਦੇ ਆਪਣੇ ਗੁਆਂਢੀ ਮੁਲਕਾਂ ਅੱਗੇ ਸਰੰਡਰ ਕਰ ਦਿੱਤਾ ਹੈ ਤੇ ਵਾਅਦਾ ਕੀਤਾ ਹੈ ਕਿ ਉਹ ਹੁਣ ਉਨ੍ਹਾਂ 'ਤੇ ਹੋਰ ਹਮਲੇ ਨਹੀਂ ਕਰੇਗਾ।''
ਟਰੰਪ ਨੇ ਅੱਗੇ ਕਿਹਾ ਕਿ ਇਰਾਨ ਨੇ ਇਹ ਵਾਅਦਾ ਅਮਰੀਕਾ ਤੇ ਇਜ਼ਰਾਈਲ ਦੇ ਤੇਜ਼ ਹਮਲਿਆਂ ਕਾਰਨ ਹੀ ਕੀਤਾ ਹੈ। ਉਹ ਪੂਰੇ ਮਿਡਲ ਈਸਟ 'ਤੇ ਕਬਜ਼ਾ ਕਰ ਕੇ ਰਾਜ ਕਰਨਾ ਚਾਹੁੰਦੇ ਸਨ। ਹਜ਼ਾਰਾਂ ਸਾਲਾਂ 'ਚ ਪਹਿਲੀ ਵਾਰ ਇਰਾਨ ਦੀ ਹਾਰ ਹੋਈ ਹੈ ਤੇ ਉਹ ਹੁਣ ਮਿਡਲ ਈਸਟ ਦਾ ਇਕ ਹਾਰਿਆ ਹੋਇਆ ਦੇਸ਼ ਹੈ।
ਉਨ੍ਹਾਂ ਅੱਗੇ ਇਕ ਵਾਰ ਫਿਰ ਇਰਾਨ ਨੂੰ ਵੱਡੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅੱਜ ਇਰਾਨ 'ਤੇ ਅਸੀਂ ਬਹੁਤ ਵੱਡਾ ਹਮਲਾ ਕਰਾਂਗੇ, ਤੇ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਇਰਾਨ ਪੂਰੀ ਤਰ੍ਹਾਂ ਸਰੰਡਰ ਨਹੀਂ ਕਰ ਦਿੰਦਾ ਜਾਂ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦਾ।

ਇਹ ਵੀ ਪੜ੍ਹੋ- ''ਹੁਣ ਨਹੀਂ ਕਰਾਂਗੇ ਕੋਈ ਹਮਲਾ..!'', ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਦਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਰਾਨ ਦੇ ਰਾਸ਼ਟਰਪਤੀ ਨੇ ਜੰਗ ਦੌਰਾਨ ਗੁਆਂਢੀ ਦੇਸ਼ਾਂ (ਜਿਵੇਂ ਦੁਬਈ, ਅਬੂ ਧਾਬੀ, ਕਤਰ, ਕੁਵੈਤ ਅਤੇ ਬਹਿਰੀਨ) 'ਤੇ ਹੋਏ ਹਮਲਿਆਂ ਲਈ ਮੁਆਫੀ ਮੰਗੀ ਹੈ। ਇਰਾਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਜਦੋਂ ਤੱਕ ਇਰਾਨ 'ਤੇ ਕੋਈ ਹਮਲਾ ਨਹੀਂ ਕਰਦਾ, ਉਦੋਂ ਤੱਕ ਇਰਾਨ ਵੀ ਮਿਜ਼ਾਈਲਾਂ ਨਹੀਂ ਦਾਗੇਗਾ। ਹਾਲਾਂਕਿ ਆਪਣੇ ਮੁਆਫ਼ੀਨਾਮੇ 'ਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਰਾਨ ਕਿਸੇ ਵੀ ਕੀਮਤ 'ਤੇ ਸਰੰਡਰ ਨਹੀਂ ਕਰੇਗਾ।
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਪੇਜ਼ੇਸ਼ਕੀਅਨ ਦਾ ਮੁਆਫੀ ਮੰਗਣਾ ਇਰਾਨ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਹਾਲਾਂਕਿ, ਅਮਰੀਕਾ ਅਜੇ ਵੀ ਪੂਰੀ ਤਰ੍ਹਾਂ ਭਰੋਸਾ ਕਰਨ ਤੋਂ ਬਚ ਰਿਹਾ ਹੈ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧੇ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਨੇ ਇਰਾਨ ਦੀ ਅਰਥਵਿਵਸਥਾ ਨੂੰ ਅਸਥਿਰ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਨੂੰ ਆਪਣੀ ਨੀਤੀ ਵਿੱਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਹੁਣ ਖੇਤਰ ਵਿੱਚ 'ਸ਼ਾਂਤੀ' ਚਾਹੁੰਦਾ ਹੈ, ਪਰ ਉਹ ਕਿਸੇ ਵੀ ਖਤਰੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਰਾਨ ਦਾ ਇਹ ਕਦਮ ਜੰਗ ਦੇ ਅੰਤ ਦੀ ਸ਼ੁਰੂਆਤ ਹੈ ਜਾਂ ਸਿਰਫ਼ ਇੱਕ ਰਣਨੀਤਕ ਵਿਰਾਮ, ਇਹ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ- ''ਇਹ ਸਿਰਫ਼ ਸਮੇਂ ਦੀ ਬਰਬਾਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
