ਬ੍ਰਿਜਭੂਸ਼ਣ ਨੂੰ ਜਦੋਂ ਵੀ ਮੌਕਾ ਮਿਲਦਾ ਸੀ, ਮਹਿਲਾ ਪਹਿਲਵਾਨਾਂ ਨੂੰ ਛੂੰਹਦਾ ਸੀ : ਦਿੱਲੀ ਪੁਲਸ
Sunday, Sep 24, 2023 - 03:43 PM (IST)
ਨਵੀਂ ਦਿੱਲੀ, (ਇੰਟ.)- ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ ’ਤੇ ਦੋਸ਼ ਆਇਦ ਕਰਨ ਲਈ ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ’ਚ ਸੁਣਵਾਈ ਹੋਈ। ਅਦਾਲਤ ਨੇ ਬ੍ਰਿਜਭੂਸ਼ਣ ਨੂੰ ਪੇਸ਼ੀ ਤੋਂ ਛੋਟ ਦਿੱਤੀ ਸੀ। ਸੁਣਵਾਈ ਦੌਰਾਨ ਦਿੱਲੀ ਪੁਲਸ ਨੇ ਅਦਾਲਤ ਵਿਚ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਹੁਣ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ।
ਦਲੀਲ ਵਿਚ ਦਿੱਲੀ ਪੁਲਸ ਨੇ ਕਿਹਾ ਕਿ ਬ੍ਰਿਜਭੂਸ਼ਣ ਨੂੰ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ। ਬ੍ਰਿਜਭੂਸ਼ਣ ਨੂੰ ਜਦੋਂ ਵੀ ਮੌਕਾ ਮਿਲਦਾ ਸੀ, ਉਹ ਮਹਿਲਾ ਪਹਿਲਵਾਨਾਂ ਦੀ ਇੱਜਤ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਸੀ। ਦਿੱਲੀ ਪੁਲਸ ਨੇ ਕਿਹਾ ਕਿ ਸਵਾਲ ਇਹ ਨਹੀਂ ਹੈ ਕਿ ਪੀੜਤ ਕੁੜੀ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਉਨ੍ਹਾਂ ਨਾਲ ਗਲਤ ਕੀਤਾ ਗਿਆ। ਜੋ ਸਬੂਤ ਅਤੇ ਗਵਾਹ ਪੇਸ਼ ਕੀਤੇ ਗਏ ਹਨ, ਉਹ ਬ੍ਰਿਜਭੂਸ਼ਣ ਖਿਲਾਫ ਦੋਸ਼ ਆਇਦ ਕਰਨ ਲਈ ਕਾਫੀ ਹਨ।
ਦਿੱਲੀ ਪੁਲਸ ਨੇ ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾਵਾਂ ਨਾਲ ਦਿੱਲੀ ਵਿਚ ਡਬਲਯੂ. ਐੱਫ. ਆਈ. ਦੇ ਦਫਤਰ ਵਿਚ ਹੋਈ ਘਟਨਾ ਦਾ ਜ਼ਿਕਰ ਕੀਤਾ ਅਤੇ ਕਿਹਾ- ਇਨ੍ਹਾਂ ਸ਼ਿਕਾਇਤਾਂ ਦਾ ਅਧਿਕਾਰ ਖੇਤਰ ਦਿੱਲੀ ਵਿਚ ਹੀ ਬਣਦਾ ਹੈ। ਇਕ ਮਹਿਲਾ ਪਹਿਲਵਾਨ ਦਾ ਕਹਿਣਾ ਹੈ ਕਿ ਤਜ਼ਾਕਿਸਤਾਨ ਵਿਚ ਇਕ ਈਵੈਂਟ ਦੌਰਾਨ ਬ੍ਰਿਜਭੂਸ਼ਣ ਨੇ ਸ਼ਿਕਾਇਤਕਰਤਾ ਨੂੰ ਕਮਰੇ ਵਿਚ ਬੁਲਾਇਆ ਅਤੇ ਉਸ ਨੂੰ ਜ਼ਬਰਦਸਤੀ ਜੱਫੀ ਪਾ ਲਈ।
ਜਦੋਂ ਸ਼ਿਕਾਇਤਕਰਤਾ ਨੇ ਉਸ ਦਾ ਵਿਰੋਧ ਕੀਤਾ ਤਾਂ ਬ੍ਰਿਜਭੂਸ਼ਣ ਨੇ ਕਿਹਾ ਕਿ ਪਿਤਾ ਵਾਂਗ ਅਜਿਹਾ ਕੀਤਾ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬ੍ਰਿਜਭੂਸ਼ਣ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ। ਦੂਜੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦਾ ਜ਼ਿਕਰ ਕਰਦੇ ਹੋਏ ਪੁਲਸ ਨੇ ਕਿਹਾ ਕਿ ਤਾਜਿਕਸਤਾਨ ’ਚ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਬ੍ਰਿਜਭੂਸ਼ਣ ਨੇ ਸ਼ਿਕਾਇਤਕਰਤਾ ਦੀ ਕਮੀਜ਼ ਬਿਨਾਂ ਇਜਾਜ਼ਤ ਤੋਂ ਚੁੱਕ ਕੇ ਉਸ ਨੂੰ ਅਣਉਚਿਤ ਢੰਗ ਨਾਲ ਛੋਹਿਆ ਸੀ।