ਗੋਲਡ ਲੋਨ ਦੇਣ ਵਾਲੀ ਕੰਪਨੀ ਦੀ ਬ੍ਰਾਂਚ ਮੈਨੇਜਰ ਨੇ ਲੱਖਾਂ ਦਾ ਸੋਨਾ ਕੀਤਾ ਚੋਰੀ
Saturday, Dec 14, 2024 - 10:12 PM (IST)
ਨੋਇਡਾ (ਉੱਤਰ ਪ੍ਰਦੇਸ਼), (ਭਾਸ਼ਾ)– ਨੋਇਡਾ ਦੇ ਸੈਕਟਰ-20 ਥਾਣਾ ਖੇਤਰ ’ਚ ਗੋਲਡ ਲੋਨ ਦਿਵਾਉਣ ਵਾਲੀ ਇਕ ਕੰਪਨੀ ਦੀ ਬ੍ਰਾਂਚ ਮੈਨੇਜਰ ਨੇ ਧੋਖਾਦੇਹੀ ਕਰ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਥਾਣਾ ਇੰਚਾਰਜ ਇੰਸਪੈਕਟਰ ਡੀ. ਪੀ. ਸ਼ੁਕਲ ਨੇ ਦੱਸਿਆ ਕਿ ‘ਟਰੂਕੈਪ ਫਾਇਨਾਂਸ਼ੀਅਲ ਲਿਮਟਿਡ’ ਕੰਪਨੀ ਦੀ ਸੈਕਟਰ-18 ’ਚ ਸਥਿਤ ਬ੍ਰਾਂਚ ਦੇ ਸਹਾਇਕ ਬ੍ਰਾਂਚ ਮੈਨੇਜਰ ਜਤਿੰਦਰ ਸਿੰਘ ਨਿਗਮ ਨੇ ਬੀਤੀ ਰਾਤ ਸ਼ਿਕਾਇਤ ਦਰਜ ਕਰਵਾਈ ਕਿ ਸਤੰਬਰ ’ਚ ਬ੍ਰਾਂਚ ਮੈਨੇਜਰ ਜਯੋਤੀ ਸ਼ਰਮਾ ਨੇ ਬ੍ਰਾਂਚ ਵਿਚੋਂ 15 ਲੱਖ ਰੁਪਏ ਦੇ ਗੋਲਡ ਲੋਨ ਦਾ ਪੈਕੇਟ ਚੋਰੀ ਕਰ ਲਿਆ।
ਨਿਗਮ ਨੇ ਇਸ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਜਯੋਤੀ ਸ਼ਰਮਾ ਨੇ ਪੁੱਛਗਿੱਛ ’ਚ ਗਲਤੀ ਮੰਨ ਲਈ। ਜਯੋਤੀ ਜਦੋਂ ਪੈਕੇਟ ਆਪਣੇ ਕੱਪੜਿਆਂ ਵਿਚ ਲੁਕੋ ਰਹੀ ਸੀ ਤਾਂ ਉਹ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਿਆ।
ਥਾਣਾ ਇੰਚਾਰਜ ਅਨੁਸਾਰ ਮੁਲਜ਼ਮ ਨੇ ਚੋਰੀ ਕੀਤਾ ਪੈਕੇਟ ਵਾਪਸ ਕਰਨ ਦਾ ਵਾਅਦਾ ਕੀਤਾ ਅਤੇ ਪੈਕੇਟ ਵਾਪਸ ਕਰਨ ਦੇ ਨਾਂ ’ਤੇ ਜਦੋਂ ‘ਗੋਲਡ ਲੋਨ’ ਕੰਪਨੀ ਦੇ 2 ਮੁਲਾਜ਼ਮਾਂ ਨਾਲ ਇਕ ਅਪਾਰਟਮੈਂਟ ਵਿਚ ਗਈ ਤਾਂ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਈ। ਬਾਅਦ ’ਚ ਜਦੋਂ ਬ੍ਰਾਂਚ ਵਿਚ ਰੱਖੇ ਗਏ ਬਾਕੀ ਗੋਲਡ ਲੋਨ ਪੈਕੇਟਾਂ ਦੀ ਆਡਿਟ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਲੱਗਭਗ ਇਕ ਕਰੋੜ 7 ਲੱਖ ਰੁਪਏ ਦਾ ਘਪਲਾ ਕੀਤਾ ਹੈ।
ਥਾਣਾ ਇੰਚਾਰਜ ਨੇ ਨਿਗਮ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਕੰਪਨੀ ਦੇ ਵੱਡੇ ਅਧਿਕਾਰੀਆਂ ਨੇ ਜਯੋਤੀ ਸ਼ਰਮਾ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਘਪਲਾ ਮੰਨ ਲਿਆ ਅਤੇ ਕਿਹਾ ਕਿ ਉਹ ਗਬਨ ਕੀਤੀ ਗਈ ਰਕਮ 2 ਮਹੀਨਿਆਂ ਅੰਦਰ ਵਾਪਸ ਕਰ ਦੇਵੇਗੀ।
ਸ਼ਿਕਾਇਤਕਰਤਾ ਵੱਲੋਂ ਦੋਸ਼ ਹੈ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਬ੍ਰਾਂਚ ਮੈਨੇਜਰ ਨੇ ਕੁਝ ਪੈਕੇਟਾਂ ’ਚੋਂ ਸੋਨਾ ਚੋਰੀ ਕੀਤਾ ਹੈ ਅਤੇ ਕੁਝ ਸੋਨਾ ਗਾਹਕਾਂ ਨੂੰ ਵਾਪਸ ਦੇ ਕੇ ਉਨ੍ਹਾਂ ਤੋਂ ਮਿਲਣ ਵਾਲਾ ਪੈਸਾ ਆਪਣੇ ਖਾਤੇ ਵਿਚ ਜਮ੍ਹਾ ਕਰ ਲਿਆ ਹੈ। ਜਯੋਤੀ ਸ਼ਰਮਾ ਨੇ ਆਪਣੀ ਮਾਂ, ਰਿਸ਼ਤੇਦਾਰਾਂ ਤੇ ਦੋਸਤਾਂ ਦੇ ਨਾਲ ਮਿਲ ਕੇ ਉਨ੍ਹਾਂ ਦੇ ਨਾਂ ’ਤੇ ਲੋਨ ਬਣਾ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।