Brain Dead ਹੋਇਆ ਜਨਮੇਸ਼, ਮਾਪਿਆਂ ਨੇ ਲਿਆ ਦਲੇਰੀ ਭਰਿਆ ਫ਼ੈਸਲਾ ਤੇ ਫਿਰ...

Tuesday, Mar 04, 2025 - 11:30 AM (IST)

Brain Dead ਹੋਇਆ ਜਨਮੇਸ਼, ਮਾਪਿਆਂ ਨੇ ਲਿਆ ਦਲੇਰੀ ਭਰਿਆ ਫ਼ੈਸਲਾ ਤੇ ਫਿਰ...

ਭੁਵਨੇਸ਼ਵਰ- 16 ਮਹੀਨਿਆਂ ਦੇ ਜਨਮੇਸ਼ ਲੇਂਕਾ ਓਡੀਸ਼ਾ ਦੇ ਸਭ ਤੋਂ ਛੋਟੇ ਅੰਗਦਾਤਾ ਬਣੇ, ਜਿਨ੍ਹਾਂ ਦੀ ਵਜ੍ਹਾ ਨਾਲ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। ਜਨਮੇਸ਼ ਦੇ ਮਾਪਿਆ ਨੇ ਮੁਸ਼ਕਲ ਸਮੇਂ 'ਚ ਦਲੇਰੀ ਭਰਿਆ ਫੈਸਲਾ ਲੈਂਦੇ ਹੋਏ ਆਪਣੇ ਪੁੱਤਰ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ, ਜਿਸ ਨਾਲ ਦੂਜਿਆਂ ਲਈ ਆਸ ਦੀ ਕਿਰਨ ਬਣੀ। ਜਨਮੇਸ਼ ਨੇ ਗਲਤੀ ਨਾਲ ਕੋਈ ਬਾਹਰੀ ਚੀਜ਼ ਨਿਗਲ ਲਈ ਸੀ, ਜਿਸ ਨਾਲ ਉਸ ਦੀ ਸਾਹ ਨਲੀ ਬਲਾਕ ਹੋ ਗਈ ਅਤੇ ਉਸ ਨੂੰ ਸਾਹ ਲੈਣ 'ਚ ਮੁਸ਼ਕਲ ਹੋਣ ਲੱਗੀ। ਉਸ ਨੂੰ 12 ਫਰਵਰੀ ਨੂੰ ਏਮਜ਼ ਭੁਵਨੇਸ਼ਵਰ ਦੇ ਸ਼ਿਸ਼ੂ ਰੋਗ ਵਿਭਾਗ ਵਿਚ ਦਾਖ਼ਲ ਕਰਵਾਇਆ ਗਿਆ।  ਡਾਕਟਰਾਂ ਨੇ ਉਸ ਨੂੰ ਤੁਰੰਤ ਸੀ. ਪੀ. ਆਰ. ਦਿੱਤੀ ਅਤੇ ਆਈ. ਸੀ. ਯੂ. ਟੀਮ ਨੇ ਲਗਾਤਾਰ ਦੋ ਹਫ਼ਤਿਆਂ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ 1 ਮਾਰਚ ਨੂੰ ਉਸ ਨੂੰ ਬਰੇਨ ਡੈਡ ਐਲਾਨ ਕਰ ਦਿੱਤਾ ਗਿਆ।

ਏਮਜ਼ ਦੀ ਮੈਡੀਕਲ ਟੀਮ ਨੇ ਜਨਮੇਸ਼ ਦੇ ਮਾਪਿਆਂ ਨੂੰ ਅੰਗ ਦਾਨ ਬਾਰੇ ਜਾਣਕਾਰੀ ਦਿੱਤੀ। ਇਸ 'ਤੇ ਉਨ੍ਹਾਂ ਨੇ ਸਹਿਮਤੀ ਜਤਾਈ, ਜਿਸ ਤੋਂ ਉਨ੍ਹਾਂ ਦੇ ਪੁੱਤਰ ਦੇ ਅੰਗ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਇਸਤੇਮਾਲ ਕੀਤੇ ਗਏ। ਸਰਜਨਾਂ ਅਤੇ ਟਰਾਂਸਪਲਾਂਟ ਕਰਨ ਵਾਲਿਆਂ ਦੀ ਇਕ ਟੀਮ ਨੇ ਤੇਜ਼ੀ ਨਾਲ ਅੰਗ ਕੱਢਣ ਅਤੇ ਟਰਾਂਸਪਲਾਂਟ ਦੀ ਪ੍ਰਕਿਰਿਆ ਪੂਰੀ ਕੀਤੀ। ਏਮਜ਼ ਭੁਵਨੇਸ਼ਵਰ ਦੇ ਗੈਸਟਰੋ ਸਰਜਰੀ ਵਿਭਾਗ ਦੇ ਡਾਕਟਰ ਬ੍ਰਹਮਦੱਤ ਪਟਨਾਇਕ ਦੀ ਟੀਮ ਨੇ ਜਨਮੇਸ਼ ਦਾ ਲਿਵਰ ਕੱਢਿਆ ਅਤੇ ਇਸ ਨੂੰ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਿਜ਼ (ਆਈ.ਐਲ.ਬੀ.ਐਸ.), ਦਿੱਲੀ ਭੇਜਿਆ ਗਿਆ। ਉੱਥੇ ਇਸ ਨੂੰ ਗੰਭੀਰ ਲਿਵਰ ਫੇਲ ਹੋਣ ਤੋਂ ਪੀੜਤ ਬੱਚੇ ਵਿਚ ਟਰਾਂਸਪਲਾਂਟ ਕੀਤਾ ਗਿਆ। ਦੋਵੇਂ ਕਿਡਨੀਆਂ ਇਕ ਨਾਬਾਲਗ ਮਰੀਜ਼ ਵਿਚ ਟਰਾਂਸਪਲਾਂਟ ਕੀਤੀਆਂ ਗਈਆਂ। ਇਹ ਗੁੰਝਲਦਾਰ ਸਰਜਰੀ ਏਮਜ਼ ਭੁਵਨੇਸ਼ਵਰ ਦੇ ਯੂਰੋਲੋਜੀ ਵਿਭਾਗ ਦੇ ਡਾਕਟਰ ਪ੍ਰਸ਼ਾਂਤ ਨਾਇਕ ਦੀ ਅਗਵਾਈ 'ਚ ਸਫਲਤਾਪੂਰਵਕ ਕੀਤੀ ਗਈ।

ਏਮਜ਼ ਭੁਵਨੇਸ਼ਵਰ ਦੇ ਕਾਰਜਕਾਰੀ ਨਿਰਦੇਸ਼ਕ ਡਾ.ਆਸ਼ੂਤੋਸ਼ ਬਿਸਵਾਸ ਨੇ ਮੈਡੀਕਲ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਅੰਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਕ ਪ੍ਰੇਰਨਾਦਾਇਕ ਮਿਸਾਲ ਬਣੇਗੀ। ਉਨ੍ਹਾਂ ਜਨਮੇਸ਼ ਦੇ ਮਾਤਾ-ਪਿਤਾ ਦੇ ਇਸ ਦਲੇਰੀ ਭਰੇ ਫੈਸਲੇ ਨੂੰ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦੁੱਖ ਵਿਚ ਵੀ ਦੂਜਿਆਂ ਦੀ ਜਾਨ ਬਚਾਉਣ ਦਾ ਮਹਾਨ ਕੰਮ ਕੀਤਾ ਹੈ। ਜਨਮੇਸ਼ ਦੇ ਪਿਤਾ ਏਮਜ਼ ਭੁਵਨੇਸ਼ਵਰ ਵਿਚ ਹੋਸਟਲ ਸੁਪਰਡੈਂਟ ਵਜੋਂ ਕੰਮ ਕਰਦੇ ਹਨ।


author

Tanu

Content Editor

Related News