ਦਿੱਲੀ ਦੇ ਇੰਦਰਲੋਕ ਮੈਟਰੋ ਸਟੇਸ਼ਨ ''ਤੇ ਸਨਸਨੀ: ਲੇਡੀਜ਼ ਵਾਸ਼ਰੂਮ ''ਚੋਂ ਮਿਲੀ ਕੇਅਰਟੇਕਰ ਦੀ ਲਾਸ਼
Sunday, Apr 26, 2026 - 02:25 AM (IST)
ਨਵੀਂ ਦਿੱਲੀ: ਦਿੱਲੀ ਦੇ ਇੰਦਰਲੋਕ ਮੈਟਰੋ ਸਟੇਸ਼ਨ 'ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਟੇਸ਼ਨ ਕੰਪਲੈਕਸ ਦੇ ਲੇਡੀਜ਼ ਵਾਸ਼ਰੂਮ ਵਿੱਚੋਂ ਇੱਕ 40 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਮ੍ਰਿਤਕ ਦੀ ਪਛਾਣ ਵਾਸ਼ਰੂਮ ਦੇ ਹੀ ਕੇਅਰਟੇਕਰ ਵਜੋਂ ਹੋਈ ਹੈ।
ਪੁਲਸ ਅਨੁਸਾਰ, ਸ਼ਨੀਵਾਰ ਸ਼ਾਮ ਕਰੀਬ 5:33 ਵਜੋਂ ਸੂਚਨਾ ਮਿਲੀ ਸੀ ਕਿ ਮੈਟਰੋ ਸਟੇਸ਼ਨ ਦਾ ਲੇਡੀਜ਼ ਟਾਇਲਟ ਅੰਦਰੋਂ ਬੰਦ ਹੈ ਅਤੇ ਉੱਥੋਂ ਬਹੁਤ ਤੇਜ਼ ਬਦਬੂ ਆ ਰਹੀ ਹੈ। ਜਦੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਤੋੜਿਆ, ਤਾਂ ਅੰਦਰ ਕੇਅਰਟੇਕਰ ਦੀ ਲਾਸ਼ ਫੰਦੇ ਨਾਲ ਲਟਕਦੀ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਖਦਸ਼ਾ ਹੈ ਕਿ ਲਾਸ਼ ਦੋ ਦਿਨ ਪੁਰਾਣੀ ਹੈ।
ਮੈਟਰੋ ਪੁਲਸ (DCP) ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਹੈ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ। ਲੇਡੀਜ਼ ਵਾਸ਼ਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਪੁਲਸ ਦੀ ਕ੍ਰਾਈਮ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬੀ.ਐਸ.ਏ. (BSA) ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਅਤੇ ਮੈਟਰੋ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਹੁਣ ਮੈਟਰੋ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮ੍ਰਿਤਕ ਦੇ ਪਰਿਵਾਰ ਬਾਰੇ ਜਾਣਕਾਰੀ ਜੁਟਾ ਰਹੀ ਹੈ।
