Blinkit ''ਤੇ ਵਿਕੇ ਚਾਕੂ ਨਾਲ ਹੋਏ ਦੋ ਕਤਲ! ਦਿੱਲੀ ਪੁਲਸ ਨੇ ਐਪ ਖਿਲਾਫ ਦਰਜ ਕੀਤੀ FIR
Wednesday, Feb 18, 2026 - 03:21 PM (IST)
ਨਵੀਂ ਦਿੱਲੀ: ਆਨਲਾਈਨ ਗਰੋਸਰੀ ਪਲੇਟਫਾਰਮ ਬਲਿੰਕਇਟ (Blinkit) ਇਕ ਵੱਡੇ ਵਿਵਾਦ 'ਚ ਫਸ ਗਿਆ ਹੈ। ਦਿੱਲੀ ਪੁਲਸ ਨੇ ਕੰਪਨੀ ਵਿਰੁੱਧ ਬਟਨ ਵਾਲੇ ਚਾਕੂ (Button Knives) ਵੇਚਣ ਦੇ ਦੋਸ਼ 'ਚ ਐੱਫ.ਆਈ.ਆਰ. (FIR) ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਕੂਆਂ ਦੀ ਵਰਤੋਂ ਪੱਛਮੀ ਦਿੱਲੀ 'ਚ ਹੋਏ ਦੋ ਵੱਖ-ਵੱਖ ਕਤਲਾਂ 'ਚ ਕੀਤੀ ਗਈ ਸੀ।
ਕਿਵੇਂ ਹੋਇਆ ਖੁਲਾਸਾ?
ਪੱਛਮੀ ਦਿੱਲੀ 'ਚ ਹੋਏ ਕਤਲਾਂ ਦੀ ਜਾਂਚ ਦੌਰਾਨ ਜਦੋਂ ਪੁਲਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਬੂਲ ਕੀਤਾ ਕਿ ਕਤਲ ਲਈ ਵਰਤੇ ਗਏ ਚਾਕੂ ਉਨ੍ਹਾਂ ਨੇ ਬਲਿੰਕਇਟ ਐਪ ਰਾਹੀਂ ਖਰੀਦੇ ਸਨ। ਇਸ ਤੋਂ ਬਾਅਦ ਪੁਲਸ ਨੇ ਖੁਦ ਗਾਹਕ ਬਣ ਕੇ ਐਪ ਤੋਂ ਚਾਕੂ ਦਾ ਆਰਡਰ ਦਿੱਤਾ। ਜਾਂਚ ਵਿੱਚ ਪਾਇਆ ਗਿਆ ਕਿ ਡਿਲੀਵਰ ਕੀਤੇ ਗਏ ਚਾਕੂ ਦੀ ਲੰਬਾਈ 8 ਸੈਂਟੀਮੀਟਰ ਅਤੇ ਚੌੜਾਈ 2.5 ਸੈਂਟੀਮੀਟਰ ਸੀ।
ਕਾਨੂੰਨ ਦੀ ਉਲੰਘਣਾ
ਸਰਕਾਰੀ ਨਿਯਮਾਂ ਅਨੁਸਾਰ, ਆਨਲਾਈਨ ਸਿਰਫ਼ ਉਹੀ ਚਾਕੂ ਵੇਚੇ ਜਾ ਸਕਦੇ ਹਨ ਜਿਨ੍ਹਾਂ ਦੀ ਬਲੇਡ ਦੀ ਲੰਬਾਈ 7.62 ਸੈਂਟੀਮੀਟਰ ਅਤੇ ਚੌੜਾਈ 1.72 ਸੈਂਟੀਮੀਟਰ ਤੱਕ ਹੋਵੇ। ਇਸ ਤੋਂ ਵੱਡੇ ਚਾਕੂ ਵੇਚਣਾ ਆਰਮਜ਼ ਐਕਟ (Arms Act) ਦੀ ਉਲੰਘਣਾ ਹੈ ਅਤੇ ਇੱਕ ਅਪਰਾਧਿਕ ਗੁਨਾਹ ਹੈ। ਪੁਲਸ ਨੇ ਕਾਰਵਾਈ ਕਰਦਿਆਂ ਬਲਿੰਕਇਟ ਦੇ ਕਈ 'ਡਾਰਕ ਸਟੋਰਾਂ' 'ਤੇ ਛਾਪੇਮਾਰੀ ਕੀਤੀ ਅਤੇ ਅਜਿਹੇ 55 ਤੋਂ ਵੱਧ ਚਾਕੂ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਕੀਮਤ 699 ਰੁਪਏ ਦੱਸੀ ਜਾ ਰਹੀ ਹੈ।
ਪਹਿਲਾਂ ਵੀ ਰਿਹਾ ਵਿਵਾਦਾਂ 'ਚ
ਬਲਿੰਕਇਟ ਆਪਣੀ '10-ਮਿੰਟ ਡਿਲੀਵਰੀ' ਸੇਵਾ ਨੂੰ ਲੈ ਕੇ ਪਹਿਲਾਂ ਹੀ ਨਿਸ਼ਾਨੇ 'ਤੇ ਹੈ। ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ, ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਕੰਪਨੀ ਨੂੰ ਸੁਰੱਖਿਆ ਨੂੰ ਤਰਜੀਹ ਦੇਣ ਲਈ ਕਿਹਾ ਸੀ। ਇਸ ਦੇ ਚੱਲਦਿਆਂ ਕੰਪਨੀ ਨੇ ਆਪਣੀ ਟੈਗਲਾਈਨ "10 ਮਿੰਟਾਂ ਵਿੱਚ ਡਿਲੀਵਰੀ" ਨੂੰ ਬਦਲ ਕੇ "ਤੁਹਾਡੇ ਬੂਹੇ 'ਤੇ ਡਿਲੀਵਰੀ" ਕਰ ਦਿੱਤਾ ਹੈ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਅਜਿਹੇ ਮਾਰੂ ਹਥਿਆਰ ਆਨਲਾਈਨ ਪਲੇਟਫਾਰਮ 'ਤੇ ਕਿਵੇਂ ਉਪਲਬਧ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
