ਐਕਸਪਾਇਰੀ ਸਾਮਾਨ ਨੂੰ ਨਵਾਂ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਦਿੱਲੀ ਪੁਲਸ ਵੱਲੋਂ 3 ਗ੍ਰਿਫਤਾਰ
Friday, Apr 03, 2026 - 02:24 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਦੁਆਰਕਾ ਇਲਾਕੇ 'ਚ ਇਕ ਅਜਿਹੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜੋ ਮਿਆਦ ਪੁੱਗ ਚੁੱਕੇ (expired) ਖਾਣ-ਪੀਣ ਵਾਲੇ ਸਾਮਾਨ ਅਤੇ ਕੋਲਡ ਡਰਿੰਕਸ ਨੂੰ ਦੁਬਾਰਾ ਪੈਕ ਕਰਕੇ ਬਾਜ਼ਾਰ 'ਚ ਵੇਚ ਰਿਹਾ ਸੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਭਾਰੀ ਮਾਤਰਾ 'ਚ ਨਾਮੀ ਬ੍ਰਾਂਡਾਂ ਦਾ ਸਾਮਾਨ ਜ਼ਬਤ ਕੀਤਾ ਹੈ। ਪੁਲਸ ਅਨੁਸਾਰ, 29 ਮਾਰਚ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੁਆਰਕਾ ਦੇ ਬਮਨੋਲੀ ਪਿੰਡ 'ਚ ਇਕ ਗੈਰ-ਕਾਨੂੰਨੀ ਯੂਨਿਟ ਚਲਾਈ ਜਾ ਰਹੀ ਹੈ, ਜਿੱਥੇ ਬਹੁ-ਰਾਸ਼ਟਰੀ ਕੰਪਨੀਆਂ ਦੇ ਐਕਸਪਾਇਰੀ ਡੇਟ ਵਾਲੇ ਉਤਪਾਦਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਮੁੜ ਬਾਜ਼ਾਰ 'ਚ ਉਤਾਰਿਆ ਜਾ ਰਿਹਾ ਹੈ।
ਪੁਲਸ ਨੇ ਦੁਆਰਕਾ ਸੈਕਟਰ-28 ਦੇ ਇੱਕ ਗੋਦਾਮ ਵਿੱਚ ਛਾਪੇਮਾਰੀ ਕਰਕੇ ਇਸ ਗਿਰੋਹ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਫੜੇ ਗਏ ਮੁਲਜ਼ਮਾਂ ਦੀ ਪਛਾਣ 56 ਸਾਲਾ ਕਮਲ ਮੁਦਗਿਲ, 27 ਸਾਲਾ ਸ਼ਿਵਮ ਸਿੰਘ ਅਤੇ 35 ਸਾਲਾ ਲੋਕੇਸ਼ ਕੁਮਾਰ ਵਜੋਂ ਹੋਈ ਹੈ। ਕਮਲ ਮੁਦਗਿਲ ਇਸ ਗੈਰ-ਕਾਨੂੰਨੀ ਸੈੱਟਅੱਪ ਦਾ ਮਾਲਕ ਹੈ ਅਤੇ ਬਾਕੀ ਦੋਵੇਂ ਉਸ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਸਨ।
ਥਿਨਰ ਨਾਲ ਮਿਟਾ ਦਿੰਦੇ ਸਨ ਐਕਸਪਾਇਰੀ ਡੇਟ
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਬਾਜ਼ਾਰ 'ਚੋਂ ਸਸਤੇ ਭਾਅ 'ਤੇ ਅਜਿਹਾ ਸਾਮਾਨ ਖਰੀਦਦੇ ਸਨ ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੁੰਦੀ ਸੀ। ਉਹ ਥਿਨਰ (thinner) ਕੈਮੀਕਲ ਦੀ ਵਰਤੋਂ ਕਰਕੇ ਅਸਲੀ ਨਿਰਮਾਣ ਅਤੇ ਮਿਆਦ ਪੁੱਗਣ ਦੀਆਂ ਤਾਰੀਖਾਂ ਨੂੰ ਮਿਟਾ ਦਿੰਦੇ ਸਨ। ਇਸ ਤੋਂ ਬਾਅਦ, ਪ੍ਰਿੰਟਿੰਗ ਮਸ਼ੀਨ ਰਾਹੀਂ ਨਕਲੀ ਬੈਚ ਨੰਬਰ ਅਤੇ ਨਵੀਂ ਐਕਸਪਾਇਰੀ ਡੇਟ ਛਾਪ ਕੇ ਇਨ੍ਹਾਂ ਨੂੰ ਦੁਬਾਰਾ ਨਵੇਂ ਡੱਬਿਆਂ 'ਚ ਪੈਕ ਕਰਕੇ ਬਾਜ਼ਾਰ 'ਚ ਸਪਲਾਈ ਕਰ ਦਿੱਤਾ ਜਾਂਦਾ ਸੀ। ਪੁਲਸ ਨੇ ਮੌਕੇ ਤੋਂ ਵੱਖ-ਵੱਖ ਬ੍ਰਾਂਡਾਂ ਦੀਆਂ ਕੋਲਡ ਡਰਿੰਕਸ ਦੀਆਂ 3,096 ਕੈਨਾਂ, ਨਾਮੀ ਬ੍ਰਾਂਡਾਂ ਦੇ ਬਿਸਕੁਟਾਂ ਦਾ ਵੱਡਾ ਸਟਾਕ, ਨਕਲੀ ਤਾਰੀਖਾਂ ਛਾਪਣ ਵਾਲੀ ਮਸ਼ੀਨ ਅਤੇ ਕੈਮੀਕਲ ਬਰਾਮਦ ਹੋਏ ਹਨ।
FSSAI ਵੱਲੋਂ ਜਾਂਚ ਘਟਨਾ ਦੀ
ਗੰਭੀਰਤਾ ਨੂੰ ਦੇਖਦੇ ਹੋਏ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। ਉਨ੍ਹਾਂ ਨੇ ਉਤਪਾਦਾਂ ਦੇ ਨਮੂਨੇ ਲਏ ਅਤੇ ਪੁਸ਼ਟੀ ਕੀਤੀ ਕਿ ਇਨ੍ਹਾਂ 'ਤੇ ਫਰਜ਼ੀ ਤਾਰੀਖਾਂ ਲਗਾਈਆਂ ਗਈਆਂ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਮਾਨ ਕਿਹੜੇ-ਕਿਹੜੇ ਬਾਜ਼ਾਰਾਂ 'ਚ ਸਪਲਾਈ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
