ਦਿੱਲੀ ਪੁਲਸ ਨੇ ਸਾਈਬਰ ਕ੍ਰਾਈਮ ਖ਼ਿਲਾਫ਼ ਛੇੜਿਆ ਮੁਹਿੰਮ Sci-Hawk 4.0 ! 600 ਤੋਂ ਵੱਧ ਨੂੰ ਕੀਤਾ ਗ੍ਰਿਫ਼ਤਾਰ
Thursday, Apr 09, 2026 - 03:04 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ‘ਆਪ੍ਰੇਸ਼ਨ ਸਾਈ-ਹਾਕ 4.0’ ਦੇ ਤਹਿਤ 6 ਅਤੇ 7 ਅਪ੍ਰੈਲ ਨੂੰ ਵੱਡੇ ਪੱਧਰ ’ਤੇ ਚਲਾਈ ਗਈ ਸਾਈਬਰ ਅਪਰਾਧ ਵਿਰੋਧੀ ਮੁਹਿੰਮ ਦੌਰਾਨ 600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 8,000 ਤੋਂ ਵੱਧ ਹੋਰ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ।
ਸੰਯੁਕਤ ਪੁਲਸ ਕਮਿਸ਼ਨਰ (ਆਈ.ਐੱਫ.ਐੱਸ.ਓ.) ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਲਈ ਲੱਗਭਗ 5,000 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ 499 ਨਵੀਆਂ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ’ਚ ਸੰਗਠਿਤ ਡਿਜੀਟਲ ਠੱਗੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ ਦੱਖਣ-ਪੱਛਮੀ ਦਿੱਲੀ ਜ਼ਿਲ੍ਹੇ ’ਚ ਫਰਜ਼ੀ ਸੋਸ਼ਲ ਮੀਡੀਆ ਇਸ਼ਤਿਹਾਰਾਂ ਰਾਹੀਂ ਐੱਨ.ਆਰ.ਆਈ. ਪੀੜਤਾਂ ਨੂੰ ਠੱਗਣ ਵਾਲਾ ਗਿਰੋਹ ਵੀ ਸ਼ਾਮਲ ਹੈ।
ਇਕ ਹੋਰ ਮਾਮਲੇ ’ਚ, ਇਸੇ ਜ਼ਿਲੇ ਤੋਂ ‘ਮਿਊਲ ਬੈਂਕ’ ਖਾਤੇ ਮੁਹੱਈਆ ਕਰਵਾਉਣ ’ਚ ਸ਼ਾਮਲ 4 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ’ਚ ਜਿਨ੍ਹਾਂ ਮਾਮਲਿਆਂ ’ਤੇ ਕੰਮ ਕੀਤਾ ਗਿਆ, ਉਹ ਐੱਨ.ਸੀ.ਆਰ.ਬੀ. ’ਤੇ ਦਰਜ 3500 ਤੋਂ ਜ਼ਿਆਦਾ ਸ਼ਿਕਾਇਤਾਂ ਦੇ ਕਰੀਬ 520 ਕਰੋੜ ਰੁਪਏ ਨਾਲ ਜੁੜੇ ਹੋਏ ਸਨ।
