ਪੁਲਸ ਨੇ ਊਧਮਪੁਰ ਕੋਰਟ ਕੰਪਲੈਕਸ ਦੇ ਬਾਹਰ ਹੋਏ ਧਮਾਕੇ ਦੀ ਸੁਲਝਾਈ ਗੁੱਥੀ, ਰਾਮਬਨ ਤੋਂ 3 ਗ੍ਰਿਫ਼ਤਾਰ
Sunday, Jun 05, 2022 - 11:33 AM (IST)
ਜੰਮੂ/ਊਧਮਪੁਰ, (ਉਦੇ/ਨਿਸ਼ਚਯ/ਦੀਪਕ)– ਜੰਮੂ ਕਸ਼ਮੀਰ ਪੁਲਸ ਨੇ ਊਧਮਪੁਰ ਦੇ ਸਲਾਥੀਆ ਚੌਕ ਵਿਖੇ ਹੋਏ ਧਮਾਕੇ ਦੀ ਗੁੱਥੀ ਸੁਲਝਾ ਲਈ ਹੈ। ਜੰਮੂ ਕਸ਼ਮੀਰ ਪੁਲਸ ਦੇ ਏ. ਡੀ. ਜੀ. ਪੀ ਮੁਕੇਸ਼ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਧਮਾਕੇ ਵਿੱਚ ਸਟਿੱਕੀ ਬੰਬ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਸੀ। ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 17 ਹੋਰ ਜ਼ਖਮੀ ਹੋ ਗਏ ਸਨ। ਇਹ ਧਮਾਕਾ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨੀ ਹੈਂਡਲਰ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਪੁਲਸ ਨੇ ਮੁੱਖ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ 2 ਸਟਿੱਕੀ ਬੰਬ ਆਈ. ਈ. ਡੀ. ਬਰਾਮਦ ਕੀਤੇ ਗਏ ਹਨ।
ਜੰਮੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ. ਡੀ. ਜੀ. ਪੀ. ਨੇ ਖੁਲਾਸਾ ਕੀਤਾ ਕਿ 9 ਮਾਰਚ ਨੂੰ ਊਧਮਪੁਰ ਦੇ ਸਲਾਥੀਆ ਚੌਕ ਵਿਖੇ ਹੋਏ ਧਮਾਕੇ ਦੀ ਜਾਂਚ ਦੌਰਾਨ ਜਦੋਂ ਮੁਹੰਮਦ ਰਮਜ਼ਾਨ ਸੋਹਿਲ ਪੁੱਤਰ ਮੁਹੰਮਦ ਸ਼ਾਹ ਸੋਹਿਲ ਵਾਸੀ ਨੀਲ ਬਨਿਹਾਲ ਨਾਂ ਦੇ ਸ਼ੱਕੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਲਾਥੀਆ ਚੌਕ ’ਚ ਇਕ ਸਟਿੱਕੀ ਬੰਬ ਆਈ. ਈ. ਡੀ. ਸਥਾਪਤ ਕਰਨ ਦੀ ਗੱਲ ਮੰਨੀ। ਉਸ ਨੇ ਇਸ ਵਾਰਦਾਤ ਨੂੰ ਪਾਕਿਸਤਾਨੀ ਹੈਂਡਲਰ ਮੁਹੰਮਦ ਅਮੀਨ ਉਰਫ ਖੁਈਬ ਪੁੱਤਰ ਦਾਊਦ ਬੱਟ ਵਾਸੀ ਕਾਠਵਾ ਠਾਠਰੀ ਡੋਡਾ ਦੇ ਕਹਿਣ ’ਤੇ ਅੰਜਾਮ ਦਿੱਤਾ ਜੋ ਇਸ ਸਮੇਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹੈ।
ਜਾਂਚ ਵਿਚ ਰਮਜ਼ਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਇਸ ਕੰਮ ਲਈ ਖੁਯਾਬ ਤੋਂ ਪ੍ਰੇਰਿਤ ਸੀ। ਰਮਜ਼ਾਨ ਨੇ ਦੱਸਿਆ ਕਿ ਦੇਸਾ ਡੋਡਾ ਦੇ ਰਹਿਣ ਵਾਲੇ ਖੁਰਸ਼ੀਦ ਅਹਿਮਦ ਨੇ ਇਸ ਕੰਮ ਲਈ 23 ਮਾਰਚ 2022 ਨੂੰ ਉਸ ਦੇ ਖਾਤੇ ਵਿੱਚ 30 ਹਜ਼ਾਰ ਰੁਪਏ ਜਮ੍ਹਾ ਕਰਵਾਏ ਸਨ। ਪੁਲਸ ਨੇ ਖੁਰਸ਼ੀਦ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਇਸੇ ਤਫ਼ਤੀਸ਼ ਵਿੱਚ ਨਿਸਾਰ ਅਹਿਮਦ ਵਾਸੀ ਭਦਰਵਾਹ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ ਜੰਮੂ ਦੇ ਬੇਲੀਚਰਾਣਾ ਤੋਂ 2 ਸਟਿੱਕੀ ਬੰਬ ਆਈ. ਈ. ਡੀ. ਡੋਡਾ ਵਿੱਚ ਪਹੁੰਚਾਏ ਗਏ। ਉਸ ਦੀ ਨਿਸ਼ਾਨਦੇਹੀ ’ਤੇ 2 ਆਈ. ਈ. ਡੀ. ਜ਼ਬਤ ਕਰ ਲਏ ਗਏ। ਪੁਲਸ ਮੁਤਾਬਕ ਇਸ ਮਾਮਲੇ ’ਚ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।