ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੂੰ ਲਿਆਂਦਾ ਜਾ ਸਕਦਾ ਹੈ ਰਾਜ ਸਭਾ ’ਚ
Tuesday, Jan 06, 2026 - 11:55 PM (IST)
ਨੈਸ਼ਨਲ ਡੈਸਕ- ਬਿਹਾਰ ਤੋਂ ਨਵੇਂ ਨਿਯੁਕਤ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੂੰ ਇਸ ਸਾਲ ਮਾਰਚ-ਅਪ੍ਰੈਲ ’ਚ ਰਾਜ ਸਭਾ ਲਈ ਹੋਣ ਵਾਲੀਆਂ ਦੋ-ਸਾਲਾ ਚੋਣਾਂ ਦੌਰਾਨ ਰਾਜ ਸਭਾ ’ਚ ਲਿਆਂਦਾ ਜਾ ਸਕਦਾ ਹੈ।
ਅਜਿਹੀਆਂ ਰਿਪੋਰਟਾਂ ਹਨ ਕਿ ਭਾਜਪਾ ਕਿਸੇ ਹੋਰ ਸੀਟ ਤੋਂ ਰਾਜ ਸਭਾ ’ਚ ਇਕ ਨਵਾਂ ਚਿਹਰਾ ਵੀ ਲਿਆ ਸਕਦੀ ਹੈ। ਇਸ ਨਾਲ ਭਾਜਪਾ ਨੂੰ ਇਕ ਵੱਡਾ ਫਾਇਦਾ ਹੋਵੇਗਾ ਕਿਉਂਕਿ ਰਾਜ ਸਭਾ ਦੇ ਸੇਵਾਮੁਕਤ ਹੋ ਰਹੇ 5 ਮੈਂਬਰਾਂ ’ਚੋਂ ਕੋਈ ਵੀ ਭਾਜਪਾ ਦਾ ਨਹੀਂ ਹੈ।
ਭਾਜਪਾ ਇਸ ਵਾਰ ਉਪੇਂਦਰ ਕੁਸ਼ਵਾਹਾ ਨੂੰ ਰਾਜ ਸਭਾ ਦੀ ਸੀਟ ਨਹੀਂ ਦੇਵੇਗੀ। ਭਾਜਪਾ ਖੁਦ ਹੀ ਉਨ੍ਹਾਂ ਨੂੰ 2 ਸਾਲ ਪਹਿਲਾਂ ਰਾਜ ਸਭਾ ’ਚ ਲੈ ਕੇ ਆਈ ਸੀ। ਹੁਣ ਜਦੋਂ ਕੁਸ਼ਵਾਹਾ ਆਪਣੇ ਪੁੱਤਰ ਨੂੰ ਵਿਧਾਇਕ ਬਣੇ ਬਿਨਾਂ ਬਿਹਾਰ ’ਚ ਮੰਤਰੀ ਬਣਾਉਣ ’ਤੇ ਅੜੇ ਹਨ ਤਾਂ ਉਨ੍ਹਾਂ ਦੇ ਖੁੱਦ ਰਾਜ ਸਭਾ ’ਚ ਜਾਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਦੇ ਪੁੱਤਰ ਨੂੰ ਭਾਜਪਾ ਦੇ ਮੰਗਲ ਪਾਂਡੇ ਵੱਲੋਂ ਖਾਲੀ ਕੀਤੀ ਗਈ ਸੀਟ ਤੋਂ ਐੱਮ. ਐੱਲ. ਸੀ. ਬਣਾਇਆ ਜਾ ਸਕਦਾ ਹੈ।
ਬਿਹਾਰ ’ਚ ਖਾਲੀ ਹੋਣ ਵਾਲੀਆਂ 5 ਸੀਟਾਂ ’ਚੋਂ ਜਨਤਾ ਦਲ (ਯੂ) 2 ਜਿੱਤੇਗੀ । ਸੂਬਾਈ ਵਿਧਾਨ ਸਭਾ ਦੀ ਬਣਤਰ ਨੂੰ ਵੇਖਦੇ ਹੋਏ ਪੰਜਵੀਂ ਸੀਟ ਲਈ ਸਖ਼ਤ ਮੁਕਾਬਲਾ ਹੋ ਸਕਦਾ ਹੈ। ਜਨਤਾ ਦਲ (ਯੂ) ਆਪਣੇ 2 ਸੰਸਦ ਮੈਂਬਰਾਂ ਨੂੰ ਬਰਕਰਾਰ ਰੱਖ ਸਕਦੀ ਹੈ। ਇਨ੍ਹਾਂ ’ਚ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਤੇ ਕੇਂਦਰੀ ਰਾਜ ਮੰਤਰੀ ਰਾਮ ਨਾਥ ਠਾਕੁਰ ਸ਼ਾਮਲ ਹਨ।
ਰਾਜਦ ਦੇ 2 ਸੰਸਦ ਮੈਂਬਰ ਪ੍ਰੇਮ ਚੰਦ ਗੁਪਤਾ ਤੇ ਏ. ਡੀ. ਸਿੰਘ ਸੇਵਾਮੁਕਤ ਹੋ ਰਹੇ ਹਨ। ਇਹ ਵੇਖਣਾ ਬਾਕੀ ਹੈ ਕਿ ਵਿਰੋਧੀ ਧਿਰ ਪੰਜਵੀਂ ਸੀਟ ਲਈ ਸਾਂਝਾ ਉਮੀਦਵਾਰ ਖੜ੍ਹਾ ਕਰੇਗੀ ਜਾਂ ਨਹੀਂ। ਹਾਲਾਂਕਿ, ਮੌਜੂਦਾ ਸਿਆਸੀ ਸਥਿਤੀ ਨੂੰ ਵੇਖਦੇ ਹੋਏ ਇਹ ਅਸੰਭਵ ਜਾਪਦਾ ਹੈ। 243 ਮੈਂਬਰੀ ਹਾਊਸ ’ਚ ਰਾਜਗ ਕੋਲ 202 ਵਿਧਾਇਕ ਹਨ, ਜਦੋਂ ਕਿ ਮਗਾਗਠਜੋੜ ਕੋਲ 35 ਹਨ।
