ਰਾਜ ਸਭਾ ’ਚ ਕਾਂਗਰਸ ਆਪਣੀਆਂ ਸੀਟਾਂ ਵਧਾ ਸਕਦੀ ਹੈ
Tuesday, Feb 24, 2026 - 11:44 PM (IST)
ਨੈਸ਼ਨਲ ਡੈਸਕ- ਕਾਂਗਰਸ ਰਾਜ ਸਭਾ ਲਈ ਹੋਣ ਵਾਲੀਆਂ ਚੋਣਾਂ ’ਚ 2 ਹੋਰ ਸੀਟਾਂ ਜਿੱਤ ਸਕਦੀ ਹੈ। ਜੇਕਰ ਭਾਜਪਾ 16 ਮਾਰਚ ਨੂੰ ਹੋਣ ਵਾਲੀਆਂ ਦੋ-ਸਾਲਾ ਚੋਣਾਂ ’ਚ ਰਾਜ ਸਭਾ ’ਚ ਆਪਣੀਆਂ ਸੀਟਾਂ ਦੀ ਗਿਣਤੀ 103 ਤੋਂ ਵਧਾ ਕੇ 108-109 ਕਰ ਰਹੀ ਹੈ, ਤਾਂ ਕਾਂਗਰਸ ਵੀ ਆਪਣੀ ਗਿਣਤੀ ਵਧਾ ਸਕਦੀ ਹੈ। ਅਜੇ, ਕਾਂਗਰਸ ਦੇ ਰਾਜ ਸਭਾ ’ਚ 25 ਮੈਂਬਰ ਹਨ ਅਤੇ ਉਸ ਦੇ 4 ਮੈਂਬਰ ਰਿਟਾਇਰ ਹੋ ਰਹੇ ਹਨ। ਜੇਕਰ ਪਾਰਟੀ ਆਪਣੇ ਪੱਤੇ ਠੀਕ ਤਰ੍ਹਾਂ ਖੇਡਦੀ ਹੈ, ਤਾਂ ਉਸ ਨੂੰ 2 ਹੋਰ ਸੀਟਾਂ ਮਿਲ ਸਕਦੀਆਂ ਹਨ। ਰਿਟਾਇਰ ਹੋ ਰਹੇ 4 ਪਾਰਟੀ ਸੰਸਦ ਮੈਂਬਰਾਂ ’ਚ ਰਜਨੀ ਪਾਟਿਲ (ਮਹਾਰਾਸ਼ਟਰ), ਅਭਿਸ਼ੇਕ ਸਿੰਘਵੀ (ਤੇਲੰਗਾਨਾ) ਅਤੇ ਕੇ. ਟੀ. ਐੱਸ. ਤੁਲਸੀ ਤੇ ਫੂਲੋ ਦੇਵੀ ਨੇਤਾਮ (ਛੱਤੀਸਗੜ੍ਹ) ਸ਼ਾਮਲ ਹਨ।
ਰਿਪੋਰਟਾਂ ਮੁਤਾਬਕ, ਅਭਿਸ਼ੇਕ ਮਨੂ ਸਿੰਘਵੀ ਨੂੰ ਤੇਲੰਗਾਨਾ ਤੋਂ ਫਿਰ ਤੋਂ ਨਾਮਜ਼ਦਗੀ ਮਿਲਣਾ ਤੈਅ ਹੈ। ਕਾਂਗਰਸ ਨੂੰ ਛੱਤੀਸਗੜ੍ਹ ’ਚ ਵੀ ਇਕ ਸੀਟ ਮਿਲਣ ਦੀ ਸੰਭਾਵਨਾ ਹੈ ਅਤੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਨਾਂ ਵੀ ਚਰਚਾ ’ਚ ਹੈ। ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਵੀ ਇਕ-ਇਕ ਸੀਟ ਮਿਲ ਸਕਦੀ ਹੈ। ਉਹ ਹਿਮਾਚਲ ’ਚ ਰਾਜ ਕਰ ਰਹੀ ਹੈ ਅਤੇ ਸੀਟ ਜਿੱਤਣਾ ਤੈਅ ਹੈ। ਹਰਿਆਣਾ ’ਚ ਉਸ ਦੇ 37 ਵਿਧਾਇਕ ਹਨ ਅਤੇ ਇਕ ਸੀਟ ਜਿੱਤਣ ਲਈ 31 ਵੋਟਾਂ ਦੀ ਲੋੜ ਹੈ।
ਕਾਂਗਰਸ ਨੂੰ ਆਸਾਮ ’ਚ ਵੀ ਇਕ ਸੀਟ ਮਿਲ ਸਕਦੀ ਹੈ, ਜਿੱਥੇ ਉਸ ਕੋਲ 29 ਵੋਟਾਂ ਹਨ ਅਤੇ ਸੀਟ ਜਿੱਤਣ ਲਈ ਉਸ ਨੂੰ 32 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਜੇਕਰ ਸੀ. ਪੀ. ਐੱਮ. (1), ਏ. ਆਈ. ਯੂ. ਡੀ. ਐੱਫ. (16) ਅਤੇ ਬੀ. ਪੀ. ਐੱਫ. (1) ਸਮਰਥਨ ਕਰਦੇ ਹਨ, ਤਾਂ ਕਾਂਗਰਸ ਨੂੰ ਇਕ ਸੀਟ ਮਿਲ ਸਕਦੀ ਹੈ। ਹਾਲਾਂਕਿ, ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਐਲਾਨ ਕੀਤਾ ਹੈ ਕਿ ਭਾਜਪਾ ਤਿੰਨੋਂ ਸੀਟਾਂ ਜਿੱਤੇਗੀ। ਜੇਕਰ ਬੀਜਦ ਦੇ ਨਵੀਨ ਪਟਨਾਇਕ ਦੇ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਕਾਂਗਰਸ ਨੂੰ ਓਡਿਸ਼ਾ ’ਚ ਇਕ ਸੀਟ ਮਿਲਣ ਦੀ ਉਮੀਦ ਹੋ ਸਕਦੀ ਹੈ। ਬੀਜਦ ਕੋਲ 51 ਵੋਟਾਂ ਹਨ ਅਤੇ ਇਕ ਸੀਟ ਜਿੱਤਣ ਲਈ ਇਕ ਉਮੀਦਵਾਰ ਨੂੰ 30 ਵੋਟਾਂ ਚਾਹੀਦੀਆਂ ਹਨ। ਕਾਂਗਰਸ ਕੋਲ 14 ਵਿਧਾਇਕ ਹਨ। ਪਾਰਟੀਆਂ ਸੱਤਾਧਾਰੀ ਭਾਜਪਾ ਦੇ ਖ਼ਿਲਾਫ ਇਕ ਸਾਂਝਾ ਉਮੀਦਵਾਰ ਖੜ੍ਹਾ ਕਰ ਸਕਦੀਆਂ ਹਨ।
ਕਾਂਗਰਸ ਹਾਈਕਮਾਨ ਨੂੰ ਤੇਲੰਗਾਨਾ ’ਚ ਇਕ ਵਾਧੂ ਸੀਟ ਮਿਲਣ ਦੀ ਉਮੀਦ ਹੈ, ਜਿਸ ਦਾ ਭਰੋਸਾ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਤਾ ਹੈ। ਯੂ. ਪੀ. ਏ. ਕੋਲ 65 ਵਿਧਾਇਕ ਹਨ ਅਤੇ ਉਸ ਨੂੰ ਏ. ਆਈ. ਐੱਮ. ਆਈ. ਐੱਮ. (7 ਵਿਧਾਇਕ) ਅਤੇ ਕਈ ਬਾਗੀ ਬੀ. ਆਰ. ਐੱਸ. ਵਿਧਾਇਕਾਂ ਦਾ ਸਮਰਥਨ ਮਿਲ ਸਕਦਾ ਹੈ। ਕਾਂਗਰਸ ਨੇ ਤਾਮਿਲਨਾਡੂ ’ਚ ਡੀ. ਐੱਮ. ਕੇ. ਤੋਂ ਵੀ ਇਕ ਰਾਜ ਸਭਾ ਸੀਟ ਛੱਡਣ ਦੀ ਅਪੀਲ ਕੀਤੀ ਹੈ, ਕਿਉਂਕਿ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਉਸ ਨਾਲ ਪਾਵਰ ਸ਼ੇਅਰ ਨਹੀਂ ਕਰ ਰਹੇ ਹਨ। ਸਟਾਲਿਨ ਨੇ ਅਜੇ ਤੱਕ ‘ਹਾਂ’ ਨਹੀਂ ਕਿਹਾ। ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਅਤੇ ਭੰਵਰ ਜਿਤੇਂਦਰ ਸਿੰਘ, ਫਿਲਮ ਐਕਟਰ ਰਾਜ ਬੱਬਰ, ਪਵਨ ਖੇੜਾ, ਸਚਿਨ ਰਾਓ, ਕ੍ਰਿਸ਼ਨਾ ਅੱਲਾਵਰੂ, ਮੀਨਾਕਸ਼ੀ ਨਟਰਾਜਨ, ਸੁਪ੍ਰੀਆ ਸ੍ਰੀਨੇਤ ਅਤੇ ਦੂਜੇ ਲੋਕ ਰਾਜ ਸਭਾ ਸੀਟਾਂ ’ਤੇ ਨਜ਼ਰ ਟਿਕਾਈ ਬੈਠੇ ਹਨ।
