ਬੰਗਾਲ ’ਚ ਭਾਜਪਾ ਵਰਕਰ ਦੀ ਕੁੱਟਮਾਰ, ਪਾਣੀ ਮੰਗਿਆ ਤਾਂ ਚਿਹਰੇ ’ਤੇ ਕੀਤਾ ਪਿਸ਼ਾਬ
Sunday, Jul 16, 2023 - 01:03 PM (IST)

ਕੋਲਕਾਤਾ- ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ’ਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਇਕ ਸਥਾਨਕ ਭਾਜਪਾ ਵਰਕਰ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ। ਉਸ ਦੀ ਕੁੱਟਮਾਰ ਕੀਤੀ ਗਈ। ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਦੇ ਚਿਹਰੇ ’ਤੇ ਪਿਸ਼ਾਬ ਕਰ ਦਿੱਤਾ ਗਿਆ। ਸੂਤਰਾਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਰਿਪੋਰਟਾਂ ਮੁਤਾਬਕ ਵੀਰਵਾਰ ਰਾਤ ਭਾਜਪਾ ਵਰਕਰ ਨੂੰ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੇ ਅਗਵਾ ਕਰ ਲਿਆ। ਉਸ ਤੋਂ ਬਾਅਦ ਉਸ ਨੂੰ ਗਰਬੇਟਾ ’ਚ ਪਾਰਟੀ ਦੇ ਇਕ ਸਥਾਨਕ ਦਫ਼ਤਰ ਲਿਜਾਇਆ ਗਿਆ, ਜਿੱਥੇ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਪੀੜਤ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿਚ ਪੋਲਿੰਗ ਏਜੰਟ ਸੀ। ਭਾਜਪਾ ਵਰਕਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪਾਰਟੀ ਦੇ ਉਪ-ਪ੍ਰਧਾਨ ਸਮਿਤ ਦਾਸ ਦੀ ਅਗਵਾਈ ਵਿੱਚ ਭਾਜਪਾ ਦਾ ਇੱਕ ਵਫ਼ਦ ਸ਼ਨੀਵਾਰ ਸਵੇਰੇ ਪੀੜਤ ਨੂੰ ਮਿਲਣ ਲਈ ਹਸਪਤਾਲ ਗਿਆ।
ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਿਤ ਦਾਸ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਸਾਡੇ ਪਾਰਟੀ ਵਰਕਰ ਕੋਲੋਂ ਪੈਸੇ ਮੰਗੇ। ਉਸ ਨੇ ਗਰੀਬ ਹੋਣ ਕਾਰਨ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਗੁੱਸੇ ’ਚ ਆ ਗਏ। ਅਸੀਂ ਇਸ ਮਾਮਲੇ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਇਸ ਮੁੱਦੇ ’ਤੇ ਵੱਡਾ ਅੰਦੋਲਨ ਸ਼ੁਰੂ ਕਰਾਂਗੇ। ਹਾਲਾਂਕਿ, ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਅਤੇ ਪੱਛਮੀ ਮਿਦਨਾਪੁਰ ਵਿਚ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਅਜੀਤ ਮੈਤੀ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਗਰਬੇਟਾ ਖੇਤਰ ਵਿਚ ਚੋਣ ਸ਼ਾਂਤੀਪੂਰਨ ਰਹੀ। ਅਸੀਂ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਬਚਣ ਲਈ ਜਿੱਤ ਦੇ ਜਲੂਸ ਨੂੰ ਸਾਧਾਰਨ ਅਤੇ ਸੰਜੀਦਾ ਢੰਗ ਨਾਲ ਆਯੋਜਿਤ ਕੀਤਾ। ਭਾਜਪਾ ਹੁਣ ਇਲਾਕੇ ਵਿਚ ਤਣਾਅ ਪੈਦਾ ਕਰਨ ਲਈ ਕਹਾਣੀਆਂ ਘੜ ਰਹੀ ਹੈ।