ਸਕੂਲ ਦੇ ਅਧਿਆਪਕਾਂ ਵਿਚਾਲੇ ਕੁੱਟਮਾਰ, CCTV ''ਚ ਕੈਦ ਹੋਈ ਸਾਰੀ ਘਟਨਾ
Wednesday, Apr 30, 2025 - 11:10 AM (IST)

ਚੰਡੀਗੜ੍ਹ (ਸ਼ੀਨਾ) : ਇੱਥੇ ਸੈਕਟਰ-29 ਦੇ ਸਰਕਾਰੀ ਹਾਈ ਸਕੂਲ ’ਚ ਦੋ ਅਧਿਆਪਕਾਂ ਵਿਚਕਾਰ ਲੜਾਈ ਦੀ ਘਟਨਾ ਸਾਹਮਣੇ ਆਈ ਹੈ। ਸੰਸਕ੍ਰਿਤ ਅਧਿਆਪਕ ਸੰਜੇ ਕੁਮਾਰ ਰੁਹੇਲਾ ਨੇ ਸਕੂਲ ਦੀ ਲਾਇਬ੍ਰੇਰੀ ’ਚ ਗਣਿਤ ਦੇ ਟੀ. ਜੀ. ਟੀ. ਅਧਿਆਪਕ ਅਰੁਣ ਨੂੰ ਥੱਪੜ ਮਾਰਿਆ ਅਤੇ ਲੋਹੇ ਦੀ ਕੁਰਸੀ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸਕੂਲ ਦੀ ਲਾਇਬ੍ਰੇਰੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਸਕੂਲ ’ਚ 9ਵੀਂ ਕਲਾਸ ਦਾ ਕੰਪਾਰਟਮੈਂਟ ਦਾ ਪੇਪਰ ਚੱਲ ਰਿਹਾ ਸੀ, ਪੇਪਰ ਦੀ ਸੋਧ ਕਰਨ ਸਬੰਧੀ ਗਣਿਤ ਅਧਿਆਪਕ ਦੀ ਸੰਸਕ੍ਰਿਤ ਅਧਿਆਪਕ ਨਾਲ ਬਹਿਸ ਹੋ ਗਈ ਤੇ ਗੱਲ ਗਾਲੀ-ਗਲੋਚ ਤੋਂ ਹੱਥੋਪਾਈ ਤੱਕ ਚਲੀ ਗਈ। ਸੰਸਕ੍ਰਿਤ ਅਧਿਆਪਕ ਸੰਜੇ ਨੇ ਗਣਿਤ ਅਧਿਆਪਕ ਅਰੁਣ ਨੂੰ ਥੱਪੜ ਮਾਰਿਆ ਤੇ ਲੋਹੇ ਦੀ ਕੁਰਸੀ ਨਾਲ ਹਮਲਾ ਕਰ ਦਿੱਤਾ। ਅਰੁਣ ਨੇ ਕਿਹਾ ਕਿ ਪਹਿਲਾ ਵੀ ਕਈ ਵਾਰ ਝਗੜੇ ਤੇ ਬਹਿਸ ਦੀਆਂ ਘਟਨਾਵਾਂ ਹੋਈਆਂ ਹਨ। ਇਸ ਬਾਰੇ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਹਰਸੁਹਿੰਦਰ ਬਰਾੜ ਨੇ ਕਿਹਾ ਕਿ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ, ਮਾਮਲੇ ’ਤੇ ਪੂਰੀ ਜਾਂਚ ਤੋਂ ਬਾਅਦ, ਸਿੱਖਿਆ ਬੋਰਡ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਸਕ੍ਰਿਤ ਅਧਿਆਪਕ ਦਾ ਪਹਿਲਾਂ ਵੀ ਰਿਹਾ ਹੈ ਅੜੀਅਲ ਰਵੱਈਆ
ਘਟਨਾ ਤੋਂ ਬਾਅਦ ਪ੍ਰਿੰਸੀਪਲ ਨੇ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਸੰਜੇ ਕੁਮਾਰ ਰੁਹੇਲਾ ਦੇ ਤਬਾਦਲੇ ਦੀ ਮੰਗ ਕੀਤੀ ਹੈ। ਪੱਤਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਰੁਹੇਲਾ ਆਪਣੀ ਡਿਊਟੀ ਅਤੇ ਪੀਰੀਅਡ ਐਡਜਸਟਮੈਂਟ ਬਾਰੇ ਲਗਾਤਾਰ ਇਤਰਾਜ਼ ਉਠਾਉਂਦਾ ਰਹਿੰਦਾ ਹੈ, ਜਿਸ ਕਾਰਨ ਸਕੂਲ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਅਧਿਆਪਕ ਦੇ ਅਜਿਹੇ ਅੜੀਅਲ ਸੁਭਾਅ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਸਕੂਲ ’ਚ ਕਿਸੇ ਵੀ ਵਿਦਿਆਰਥੀ ਨੇ ਸੰਸਕ੍ਰਿਤ ਵਿਸ਼ੇ ਦੀ ਚੋਣ ਨਹੀਂ ਕੀਤੀ ਹੈ।
ਯੂ. ਟੀ. ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋ ਗਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਅਧਿਆਪਕ ਸਿੱਖਿਆ ਤਾਂ ਕਿ ਵੰਡਣਗੇ ਉਲਟਾ ਸਕੂਲ ਦਾ ਨਾਮ ਖ਼ਰਾਬ ਕਰਦੇ ਹਨ। ਤਬਾਦਲੇ ਲਈ ਸਿੱਖਿਆ ਵਿਭਾਗ ਨੂੰ ਦਿੱਤੀ ਅਰਜ਼ੀ ’ਚ 28 ਸਟਾਫ਼ ਮੈਂਬਰਾਂ ਨੇ ਹਸਤਾਖ਼ਰ ਕੀਤੇ ਹਨ।