ਕੇਂਦਰ ਸਰਕਾਰ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਰਚ ਰਹੀ ਸਾਜਿਸ਼ : ਹਰਚੰਦ ਸਿੰਘ ਬਰਸਟ

Friday, May 02, 2025 - 04:53 PM (IST)

ਕੇਂਦਰ ਸਰਕਾਰ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਰਚ ਰਹੀ ਸਾਜਿਸ਼ : ਹਰਚੰਦ ਸਿੰਘ ਬਰਸਟ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜ਼ੋਰਾ ਨਾਲ ਚਲਾਈ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਧਰ 'ਤੇ ਕੰਮ ਕੀਤਾ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ, ਜਿਸ ਲਈ ਪੰਜਾਬ ਵਾਸੀਆਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ।

ਉੱਥੇ ਹੀ ਇਸ ਸਮੇਂ ਕੇਂਦਰ ਦੀ ਸਰਕਾਰ ਪੰਜਾਬ ਦਾ ਪਾਣੀ ਲੁੱਟਣ ਲਈ ਕਈ ਚਾਲਾਂ ਚੱਲ ਰਹੀ ਹੈ। ਦੇਸ਼ ਦੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਧੱਕੇ ਨਾਲ ਐਵਾਰਡ ਦੇ ਕੇ ਗੈਰ ਸਿਧਾਂਤਕ ਤਰੀਕੇ ਵਰਤ ਕੇ ਪੰਜਾਬ ਦਾ ਪਾਣੀ ਖੋਹਿਆ। ਹੁਣ ਕੇਂਦਰ ਦੀ ਮੋਦੀ ਸਰਕਾਰ ਇਸ ਤੋਂ ਅੱਗੇ ਜਾ ਕੇ ਪੰਜਾਬ ਨਾਲ ਬੇਇਨਸਾਫ਼ੀ ਕਰ ਰਹੀ ਹੈ ਅਤੇ ਪੰਜਾਬ ਦੇ ਪਾਣੀ 'ਤੇ ਡਾਕਾ ਮਾਰਨ ਜਾ ਰਹੀ ਹੈ, ਜਿਸਦਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾਂ ਹੀ 3.110 ਐੱਮ. ਏ. ਐੱਫ. ਪਾਣੀ ਦੀ ਖ਼ਪਤ ਕਰ ਚੁੱਕਾ ਹੈ, ਜਦੋਂ ਕਿ ਉਸ ਦੀ ਸਾਲਾਨਾ ਵੰਡ 2.987 ਐੱਮ. ਏ. ਐੱਫ. ਹੈ। ਹਰਿਆਣਾ ਵੱਲੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਉਨ੍ਹਾਂ ਨੂੰ ਪੀਣ ਵਾਸਤੇ 1700 ਕਿਊਸਿਕ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਬੇਇਨਸਾਫ਼ੀ ਨਹੀਂ ਹੈ। ਪੰਜਾਬ ਵਿੱਚ ਹੜ੍ਹ ਆਉਣ ਦੇ ਬਾਵਜੂਦ ਕੋਈ ਪੈਕਜ ਨਹੀਂ ਦਿੱਤਾ ਗਿਆ। ਕਰੀਬ 7000 ਕਰੋੜ ਰੂਰਲ ਡਿਵੈਲਪਮੈਂਟ ਫੰਡ ਰੋਕ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਨੇ ਪਿਛਲੇ 11 ਸਾਲਾਂ ਵਿੱਚ ਵੱਡੇ ਅਦਾਰਿਆਂ ਦੇ 16.50 ਲੱਖ ਕਰੋੜ ਦੇ ਕਰਜੇ ਮੁਆਫ਼ ਕੀਤੇ ਪਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦਾ 94000 ਕਰੋੜ ਮੁਆਫ਼ ਨਹੀਂ ਕੀਤਾ। ਮੋਦੀ ਦੀ ਅਕਸ ਚਮਕਾਉਣ ਲਈ 11 ਸਾਲਾਂ ਵਿੱਚ 15000 ਕਰੋੜ ਤੋਂ ਵੱਧ ਪ੍ਰਚਾਰ ਲਈ ਖ਼ਰਚ ਕੀਤਾ ਗਿਆ। ਭਾਰਤ ਵਿੱਚ ਫਿਰਕੂ ਵੰਡ ਪਾਉਣ ਲਈ ਭਾਜਪਾ ਨੇ ਹਰ ਹੀਲਾ ਵਰਤਿਆ ਪਰ ਭਾਰਤ ਲੋਕ ਰਾਜ ਸੰਵਿਧਾਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮੁਤਾਬਕ ਚੱਲਣਾ ਹੈ ਅਤੇ ਇਸ ਦੀ ਰਾਖੀ ਲਈ ਸਾਡੇ ਨੌਜਵਾਨਾਂ ਕੋਲ ਸ਼ਹੀਦ ਭਗਤ ਸਿੰਘ ਜੀ ਦਾ ਜੋਸ਼ ਹੈ, ਸਰਬੱਤ ਦੇ ਭਲੇ ਲਈ ਬਾਬਾ ਨਾਨਕ ਦੀ ਬਾਣੀ ਹੈ ਅਤੇ ਹੋਰ ਹਜਾਰਾ ਮਹਾਪੁਰਸ਼ ਮਨੁੱਖਤਾਂ ਦੇ ਭਲੇ ਦਾ ਸੰਦੇਸ਼ ਦੇ ਕੇ ਗਏ ਹਨ।


author

Babita

Content Editor

Related News