ਰਸਤਾ ਰੋਕ ਕੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 4 ਨਾਮਜ਼ਦ
Tuesday, Apr 29, 2025 - 04:31 PM (IST)

ਫਿਰੋਜ਼ਪੁਰ (ਖੁੱਲਰ) : ਮਮਦੋਟ ਦੇ ਅਧੀਨ ਆਉਂਦੇ ਪਿੰਡ ਰਾਓ ਕੇ ਹਿਠਾੜ ਵਿਖੇ ਇਕ ਵਿਅਕਤੀ ਦਾ ਰਸਤਾ ਰੋਕ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਸਵਿੰਦਰ ਸਿੰਘ ਪੁੱਤਰ ਸੁਮੀਰ ਸਿੰਘ ਵਾਸੀ ਪਿੰਡ ਗਜਨੀਵਾਲਾ ਨੇ ਦੱਸਿਆ ਕਿ ਮਿਤੀ 9 ਅਪ੍ਰੈਲ 2025 ਨੂੰ ਕਰੀਬ 9.30 ਵਜੇ ਰਾਓ ਕੇ ਹਿਠਾੜ ਨੂੰ ਉਹ ਆਪਣੀ ਮਹਿੰਦਰਾ ਗੱਡੀ ਬਲੈਰੋ ’ਤੇ ਸਵਾਰ ਹੋ ਕੇ ਪਿੰਡ ਰਾਓ ਕੇ ਹਿਠਾੜ ਤੋਂ ਬਾਣੀ ਡੇਅਰੀ ਦੇ ਕਰੀਬ 40 ਕਿੱਲੋ ਦੁੱਧ ਲੈ ਕੇ ਆਪਣੀ ਗੱਡੀ ਵਿਚ ਰੱਖ ਕੇ ਉਥੋਂ ਹੋਰ ਪਿੰਡਾਂ ਨੂੰ ਤੁਰਨ ਲੱਗਾ ਸੀ।
ਇਸ ਦੌਰਾਨ ਦੋਸ਼ੀਅਨ ਮਨਪ੍ਰੀਤ ਸਿੰਘ ਪੁੱਤਰ ਵਜੀਰ ਸਿੰਘ, ਸੁਨੀਲ ਕੁਮਾਰ ਪੁੱਤਰ ਸਤਨਾਮ ਸਿੰਘ ਵਾਸੀਅਨ ਪਿੰਡ ਰਾਓ ਕੇ ਹਿਠਾੜ, ਕਿਰਪਾਲ ਸਿੰਘ ਪੁੱਤਰ ਵਜੀਰ ਸਿੰਘ ਬੱਬੂ, ਵਜੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਅਨ ਰਾਓ ਕੇ ਹਿਠਾੜ ਨੇ ਉਸ ਦਾ ਰਸਤਾ ਰੋਕ ਕੇ ਪਹਿਲਾ ਉਸ ਨਾਲ ਗਲਤ ਬੋਲੇ ਅਤੇ ਫਿਰ ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।