ਤੁਸ਼ਟੀਕਰਨ ਅਤੇ ਵੋਟ ਬੈਂਕ ਨਹੀਂ ਸਗੋਂ ਸੰਤੁਸ਼ਟੀਕਰਨ ਦੇ ਰਾਹ ’ਤੇ ਚੱਲੇਗੀ ਭਾਜਪਾ : ਮੋਦੀ

06/27/2023 7:20:34 PM

ਭੋਪਾਲ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਫੈਸਲਾ ਕੀਤਾ ਹੈ ਕਿ ਉਹ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਰਾਜਨੀਤੀ ਦੀ ਬਜਾਏ ‘ਸੰਤੁਸ਼ਟੀਕਰਨ ਦੇ ਰਾਹ ’ਤੇ ਚੱਲੇਗੀ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਹੱਤਵਪੂਰਨ ਸ਼ਹਿਰਾਂ ਨੂੰ ਜੋੜਨ ਵਾਲੀਆਂ ਪੰਜ ਵੰਦੇ ਭਾਰਤ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ ‘ਮੇਰਾ ਬੂਥ ਸਬ ਸੇ ਮਜ਼ਬੂਤ’ ਪ੍ਰੋਗਰਾਮ ਵਿੱਚ ਕਿਹਾ ਕਿ ਪਾਰਟੀ ਵਰਕਰ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹਨ।

ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਨੇ ਭਾਜਪਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣਾਉਣ 'ਚ ਵੱਡੀ ਭੂਮਿਕਾ ਨਿਭਾਈ। ਅਸੀਂ ਏਅਰ ਕੰਡੀਸ਼ਨਡ ਦਫ਼ਤਰਾਂ ਵਿੱਚ ਬੈਠ ਕੇ ਹੁਕਮ ਜਾਰੀ ਨਹੀਂ ਕਰਦੇ। ਅਸੀਂ ਉਲਟ ਮੌਸਮ ਵਿੱਚ ਜਨਤਾ ਵਿੱਚ ਜਾਂਦੇ ਹਾਂ। ਭਾਜਪਾ ਨੇ ਫੈਸਲਾ ਕੀਤਾ ਹੈ ਕਿ ਅਸੀਂ ਤੁਸ਼ਟੀਕਰਨ ਜਾਂ ਵੋਟ ਬੈਂਕ ਦੇ ਰਾਹ ਨਹੀਂ ਚੱਲਾਂਗੇ। ਸਾਡਾ ਮੰਨਣਾ ਹੈ ਕਿ ਤੁਸ਼ਟੀਕਰਨ ਦੇਸ਼ ਦਾ ਭਲਾ ਕਰਨ ਦਾ ਤਰੀਕਾ ਨਹੀਂ ਹੈ। ਸੱਚਾ ਰਸਤਾ ਸੰਤੁਸ਼ਟੀ ਕਰਵਾਉਣ ਹੈ। ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਅਸੀਂ ਸੰਤੁਸ਼ਟੀ ਦੇ ਰਾਹ ’ਤੇ ਹਾਂ। ਇਹ ਇੱਕ ਮਿਹਨਤ ਵਾਲਾ ਰਸਤਾ ਹੈ, ਪਸੀਨਾ ਵਹਾਉਣਾ ਪੈਂਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਤਲਾਕ ਦਾ ਸਮਰਥਨ ਕਰਨ ਵਾਲੇ ਵੋਟ ਬੈਂਕ ਦੇ ਭੁੱਖੇ ਲੋਕ ਹਨ ਜੋ ਮੁਸਲਿਮ ਧੀਆਂ ਨਾਲ ਘੋਰ ਅਨਿਆਂ ਕਰ ਰਹੇ ਹਨ। ਤਿੰਨ ਤਲਾਕ ਨਾਲ ਧੀਆਂ ਨੂੰ ਹੀ ਨੁਕਸਾਨ ਨਹੀਂ ਹੁੰਦਾ, ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਨੁਕਸਾਨ ਹੁੰਦਾ ਹੈ। ਦੁਨੀਆ ਦੇ ਕਈ ਮੁਸਲਿਮ ਬਹੁਗਿਣਤੀ ਦੇਸ਼ਾਂ ਵਿੱਚ ਤਿੰਨ ਤਲਾਕ ’ਤੇ ਪਾਬੰਦੀ ਹੈ।

ਮੋਦੀ ਨੇ ਕਿਹਾ ਕਿ ਜੇ ਤਿੰਨ ਤਲਾਕ ਇਸਲਾਮ ਦਾ ਜ਼ਰੂਰੀ ਹਿੱਸਾ ਹੈ ਤਾਂ ਇਹ ਪਾਕਿਸਤਾਨ, ਕਤਰ, ਜਾਰਡਨ ’ਚ ਕਿਉਂ ਨਹੀਂ ਹੈ? ਇਹ ਉੱਥੇ ਕਿਉਂ ਬੰਦ ਹੈ? ਮੈਂ ਜਿੱਥੇ ਵੀ ਜਾਂਦਾ ਹਾਂ, ਮੁਸਲਮਾਨ ਭੈਣਾਂ ਭਾਜਪਾ ਨਾਲ ਖੜ੍ਹੀਆਂ ਹੁੰਦੀਆਂ ਹਨ। ਭਾਰਤ ਦੇ ਮੁਸਲਿਮ ਭੈਣਾਂ-ਭਰਾਵਾਂ ਨੂੰ ਸਮਝਣਾ ਹੋਵੇਗਾ ਕਿ ਕਿਹੜੀਆਂ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਭੜਕਾ ਰਹੀਆਂ ਹਨ?

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਪਿੰਡਾਂ ਦਾ ਵਿਕਾਸ ਜ਼ਰੂਰੀ ਹੈ। ਸਾਡਾ ਉਦੇਸ਼ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਕੁਝ ਲੋਕ ਸਿਰਫ਼ ਆਪਣੀ ਪਾਰਟੀ ਲਈ ਜਿਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ 'ਕਮਿਸ਼ਨ' ਵਿਚ ਹਿੱਸਾ ਮਿਲਦਾ ਹੈ।


Rakesh

Content Editor

Related News