ਸਿੱਖ ਅਫ਼ਸਰ ਨੂੰ ਖਾਲਿਸਤਾਨ ਕਹਿਣ ''ਤੇ ਦੇਸ਼ ਤੋਂ ਮੁਆਫ਼ੀ ਮੰਗੇ ਭਾਜਪਾ: ''ਆਪ''

Wednesday, Feb 21, 2024 - 04:47 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਵਿਚ ਤਾਇਨਾਤ ਇਕ ਸਿੱਖ IPS ਅਫ਼ਸਰ ਨੂੰ ਖਾਲਿਸਤਾਨ ਆਖ ਕੇ ਅਪਮਾਨਿਤ ਕੀਤਾ ਹੈ ਅਤੇ ਪਾਰਟੀ ਇਸ ਦੀ ਸਖ਼ਤ ਨਿੰਦਾ ਕਰਦੀ ਹੈ। 'ਆਪ' ਦੇ ਦਿੱਲੀ ਪ੍ਰਦੇਸ਼ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਬੰਗਾਲ 'ਚ ਡਿਊਟੀ 'ਤੇ ਤਾਇਨਾਤ IPS ਅਧਿਕਾਰੀ ਨੂੰ ਭਾਜਪਾ ਆਗੂਆਂ ਨੇ ਖਾਲਿਸਤਾਨੀ ਬੋਲ ਕੇ ਅਪਮਾਨਿਤ ਕੀਤਾ ਹੈ। 

ਭਾਜਪਾ ਨੇਤਾਵਾਂ ਨੇ ਜਨਤਕ ਤੌਰ 'ਤੇ ਉਸ IPS ਅਧਿਕਾਰੀ ਨੂੰ ਸਿਰਫ ਇਸ ਲਈ ਖਾਲਿਸਤਾਨੀ ਬੋਲਿਆ ਕਿਉਂਕਿ ਉਹ ਇਕ ਸਿੱਖ ਪਰਿਵਾਰ ਵਿਚ ਪੈਦਾ ਹੋਏ ਹਨ ਅਤੇ ਉਹ ਸਿਰ 'ਤੇ ਪੱਗੜੀ ਬੰਨਦੇ ਹਨ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਜਪਾ ਆਗੂਆਂ 'ਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਵਿਚਾਰਧਾਰਾ ਨੂੰ ਕੁੱਟ-ਕੁੱਟ ਕੇ ਭਰਿਆ ਗਿਆ ਹੈ। 

ਗੋਪਾਲ ਨੇ ਕਿਹਾ ਕਿ ਭਾਰਤ ਅੰਦਰ ਸਿੱਖ ਧਰਮ ਦਾ ਇਕ ਲੰਬਾ ਇਤਿਹਾਸ ਹੈ। ਇਸ ਦੇਸ਼ ਵਿਚ ਸ਼ਹੀਦਾਂ ਦੀ ਸੂਚੀ 'ਚ ਪੰਜਾਬੀਆਂ ਦਾ ਨਾਂ ਸਭ ਤੋਂ ਉੱਪਰ ਹੈ। ਅਜਿਹੇ ਵਿਚ ਆਪਣੇ ਵਿਰਸੇ ਅਤੇ ਅਜ਼ਾਦੀ ਸੰਗਰਾਮ ਦੀਆਂ ਕੁਰਬਾਨੀਆਂ ਨੂੰ ਭੁੱਲਾ ਕੇ ਅੱਜ ਸੱਤਾ ਦੇ ਹੰਕਾਰ ਵਿਚ ਭਾਜਪਾ ਆਗੂਆਂ ਨੂੰ ਇਹ ਅਧਿਕਾਰ ਮਿਲ ਗਿਆ ਹੈ ਕਿ ਉਹ ਅੱਜ ਦੇਸ਼ ਵਿਚ ਸਭ ਨੂੰ ਸਰਟੀਫ਼ਿਕੇਟ ਵੰਡਦੀ ਘੁੰਮ ਰਹੀ ਹੈ। ਉਨ੍ਹਾਂ ਲਈ ਕੋਈ ਵੀ ਦੇਸ਼ਧਰੋਹੀ, ਅੱਤਵਾਦੀ, ਖਾਲਿਸਤਾਨੀ ਜਾਂ ਨਕਸਲਵਾਦੀ ਹੋ ਜਾਂਦਾ ਹੈ। ਆਮ ਆਦਮੀ ਪਾਰਟੀ ਸਖ਼ਤ ਸ਼ਬਦਾਂ ਵਿਚ ਭਾਜਪਾ ਆਗੂਆਂ ਦੇ ਇਸ ਵਤੀਰੇ ਦੀ ਨਿੰਦਾ ਕਰਦੀ ਹੈ। ਪਾਰਟੀ ਇਹ ਮੰਗ ਕਰਦੀ ਹੈ ਕਿ ਭਾਜਪਾ ਦੇ ਆਗੂ ਇਸ ਘਟਨਾ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗੇ। ਭਾਰਤ ਦੇਸ਼ ਕਦੇ ਵੀ ਜਾਤੀ, ਧਰਮ ਜਾਂ ਭਾਸ਼ਾ ਦੇ ਆਧਾਰ 'ਤੇ ਇਸ ਤਰ੍ਹਾਂ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗਾ।


 


Tanu

Content Editor

Related News