ਸਾਧਵੀ ਪ੍ਰੱਗਿਆ ਨੇ ਲੋਕ ਸਭਾ ''ਚ ਦੂਜੀ ਵਾਰ ਮੰਗੀ ਮੁਆਫ਼ੀ

11/29/2019 4:34:33 PM

ਨਵੀਂ ਦਿੱਲੀ— ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਲੋਕ ਸਭਾ 'ਚ ਬੁੱਧਵਾਰ ਨੂੰ ਆਪਣੀ ਵਿਵਾਦਪੂਰਨ ਟਿੱਪਣੀ 'ਤੇ ਵਿਰੋਧੀ ਦਲਾਂ ਦੇ ਬਿਨਾਂ ਸ਼ਰਤ ਮੁਆਫ਼ੀ ਮੰਗਣ 'ਤੇ ਜ਼ੋਰ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਦਨ 'ਚ ਮੁੜ ਬਿਆਨ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਨਹੀਂ ਕਿਹਾ ਸੀ ਪਰ ਫਿਰ ਵੀ ਕਿਸੇ ਨੂੰ ਠੇਸ ਪਹੁੰਚਦੀ ਹੋਵੇ ਤਾਂ ਉਹ ਮੁਆਫ਼ੀ ਚਾਹੁੰਦੀ ਹੈ। ਭੋਪਾਲ ਤੋਂ ਲੋਕ ਸਭਾ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਦੀ ਬੁੱਧਵਾਰ ਨੂੰ ਲੋਕ ਸਭਾ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕਰਦੇ ਹੋਏ ਵਿਰੋਧੀ ਮੈਂਬਰਾਂ ਨੇ ਸ਼ੁਕੱਰਵਾਰ ਨੂੰ ਸਦਨ 'ਚ ਭਾਰੀ ਹੰਗਾਮਾ ਕੀਤਾ। ਇਸ ਤੋਂ ਪਹਿਲਾਂ ਪ੍ਰੱਗਿਆ ਨੇ ਸਿਫ਼ਰਕਾਲ ਦੌਰਾਨ ਇਸ ਵਿਸ਼ੇ 'ਤੇ ਸਦਨ 'ਚ ਮੁਆਫ਼ੀ ਮੰਗੀ ਸੀ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਹਾਲਾਂਕਿ ਪ੍ਰੱਗਿਆ ਦੇ ਮੁਆਫ਼ੀ ਵਾਲੇ ਬਿਆਨ 'ਤੇ ਵਿਰੋਧੀ ਦਲ ਸੰਤੁਸ਼ਟ ਨਹੀਂ ਹੋਏ ਅਤੇ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ 'ਤੇ ਅੜੇ ਰਹੇ। ਲੋਕ ਸਭਾ ਸਪੀਕਰ ਬਿਰਲਾ ਨੇ ਇਸ ਵਿਸ਼ੇ ਦਾ ਹੱਲ ਕੱਢਣ ਲਈ ਦੁਪਹਿਰ ਦੇ ਖਾਣੇ 'ਚ ਸਾਰੇ ਦਲਾਂ ਦੇ ਨੇਤਾਵਾਂ ਦੀ ਬੈਠਕ ਬੁਲਾਈ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਬੈਠਕ ਸ਼ੁਰੂ ਹੋਣ 'ਤੇ ਭਾਜਪਾ ਮੈਂਬਰ ਪ੍ਰੱਗਿਆ ਨੇ ਮੁੜ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ,''ਮੈਂ 27 ਨਵੰਬਰ ਨੂੰ ਐੱਸ.ਪੀ.ਜੀ. ਬਿੱਲ 'ਤੇ ਚਰਚਾ ਦੌਰਾਨ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਨਹੀਂ ਕਿਹਾ, ਨਾਂ ਹੀ ਨਹੀਂ ਲਿਆ, ਫਿਰ ਵੀ ਕਿਸੇ ਨੂੰ ਠੇਸ ਪਹੁੰਚਦੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦੀ ਹਾਂ।'' ਇਸ ਤੋਂ ਬਾਅਦ ਸਦਨ ਦੀ ਬੈਠਕ ਸਹੀ ਰੂਪ ਨਾਲ ਅੱਗੇ ਵਧੀ ਅਤੇ ਸਿਫ਼ਰਕਾਲ ਨੂੰ ਲਿਆ ਗਿਆ।


DIsha

Content Editor

Related News