ਕਰਨਾਟਕ ਤੋਂ ਭਾਜਪਾ ਵਿਧਾਇਕ ਮਦਲ ਵਿਰੁਪਕਸ਼ੱਪਾ ਗ੍ਰਿਫ਼ਤਾਰ, ਪੜ੍ਹੋ ਕੀ ਹੈ ਪੂਰਾ ਮਾਮਲਾ
Monday, Mar 27, 2023 - 09:50 PM (IST)
ਬੈਂਗਲੁਰੂ (ਭਾਸ਼ਾ): ਕਰਨਾਟਕ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਕਰਨਾਟਕ ਸੋਪਸ ਐਂਡ ਡਿਟਰਜੈਂਟਸ ਲਿਮਿਟਡ (ਕੇ.ਐੱਸ.ਡੀ.ਐੱਲ.) ਨਾਲ ਸਬੰਧਤ ਰਿਸ਼ਵਤ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਦਲ ਵਿਰੁਪਕਸ਼ੱਪਾ ਦੀ ਜ਼ਮਾਨਤ ਅਰਜ਼ੀ ਖ਼ਾਰਿਜ ਕੀਤੇ ਜਾਣ ਤੋਂ ਕੁੱਝ ਘੰਟੇ ਬਾਅਦ ਲੋਕਾਯੁਕਤ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਚੰਨਾਗਿਰੀ ਵਿਧਾਇਕ ਨੂੰ ਉਨ੍ਹਾਂ ਦੇ ਪੁੱਤਰ ਪ੍ਰਸ਼ਾਂਤ ਐੱਮ.ਵੀ. ਨੂੰ 2 ਮਾਰਚ ਨੂੰ ਇਕ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਕੁੱਝ ਦਿਨ ਬਾਅਦ ਅੰਤਰਿਮ ਜ਼ਮਾਨਤ ਮਿਲ ਗਈ ਸੀ। ਸੂਤਰਾਂ ਨੇ ਦੱਸਿਆ ਕਿ ਵਿਧਾਇਕ ਦੇ ਪੁੱਤਰ ਦੇ ਨਕਦੀ ਨਾਲ ਫੜੇ ਜਾਣ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਵਿਚ ਵਿਰੁਪਕਸ਼ੱਪਾ ਦੇ ਘਰੋਂ 8.23 ਕਰੋੜ ਰੁਪਏ ਦੀ ਬਿਨਾ ਹਿਸਾਬ ਦੇ ਰਕਮ ਦਾ ਪਤਾ ਲੱਗਿਆ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਮਾਮਲਾ: ਖੜਗੇ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ, ਬਣਾਈ ਅਗਲੀ ਰਣਨੀਤੀ
ਲੋਕਾਯੁਕਤ ਪੁਲਸ ਦੇ ਇੰਸਪੈਕਟਰ ਜਨਰਲ ਏ. ਸੁਬ੍ਰਮੰਨਿਅਮ ਰਾਓ ਨੇ ਦੱਸਿਆ ਕਿ ਜਦੋਂ ਵਿਧਾਇਕ ਮਦਲ ਵਿਰੁਪਕਸ਼ੱਪਾ ਬੈਂਗਲੁਰੂ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਤੁਮਕੁਰੂ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਹਾਈ ਕੋਰਟ ਨੇ ਪਿਛਲੇ ਹਫ਼ਤੇ ਇਸ ਮਾਮਲੇ ਵਿਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਮਾਮਲਾ ਸਰਕਾਰੀ ਕੰਪਨੀ ਨੂੰ ਰਸਾਇਣਾਂ ਦੀ ਪੂਰਤੀ ਦਾ ਠੇਕਾ ਦੇਣ ਲਈ ਕਥਿਤ ਤੌਰ 'ਤੇ ਰਿਸ਼ਵਤ ਲੈਣ ਨਾਲ ਜੁੜਿਆ ਹੈ। ਇਸ ਤੋਂ ਬਾਅਦ ਲੋਕਾਯੁਕਤ ਦੇ ਛਾਪੇ ਵਿਚ 8.23 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਮੈਂਬਰਸ਼ਿਪ ਮਗਰੋਂ ਹੁਣ ਸਰਕਾਰੀ ਬੰਗਲਾ ਵੀ ਰਾਹੁਲ ਗਾਂਧੀ ਹੱਥੋਂ ਨਿਕਲਿਆ, ਨੋਟਿਸ ਜਾਰੀ
ਜਸਟਿਸ ਕੇ. ਨਟਰਾਜਨ ਨੇ ਚੰਨਾਗਿਰੀ ਵਿਧਾਇਕ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੀ। ਕੇ.ਐੱਸ.ਡੀ.ਐੱਲ. ਦੇ ਪ੍ਰਧਾਨ ਰਹੇ ਵਿਰੁਪਕਸ਼ੱਪਾ 'ਤੇ ਉਨ੍ਹਾਂ ਦੇ ਪੁੱਤਰ ਕੇ.ਏ.ਐੱਸ. ਅਧਿਕਾਰੀ ਪ੍ਰਸ਼ਾਂਤ ਮਦਲ ਰਾਹੀਂ ਰਿਸ਼ਵਤ ਮੰਗਣ ਦਾ ਦੋਸ਼ ਹੈ। ਬਿਲ ਪਾਸ ਕਰਨ ਲਈ 81 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਅਤੇ ਉਨ੍ਹਾਂ ਦੇ ਪੁੱਤਰ ਨੂੰ ਦਫ਼ਤਰ ਵਿਚ 40 ਲੱਖ ਰੁਪਏ ਲੈਂਦਿਆਂ ਫੜਿਆ ਗਿਆ। ਬਾਅਦ ਵਿਚ, ਵਿਰੁਪਕਸ਼ੱਪਾ ਦੀ ਰਿਹਾਇਸ਼ ਤੋਂ 7 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਪ੍ਰਸ਼ਾਂਤ ਨੂੰ ਇਸ ਮਾਮਲੇ ਵਿਚ 2 ਮਾਰਚ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਲੋਕਾਯੁਕਤ ਪੁਲਸ ਨੇ ਉਦੋਂ ਤੋਂ ਮਾਮਲੇ ਵਿਚ ਚਾਰ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਭਾਜਪਾ ਵਿਧਾਇਕ ਨੇ ਉਦੋਂ ਤੋਂ ਕੇ.ਐੱਸ.ਡੀ.ਐੱਲ. ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।