ਭਾਜਪਾ ਨੇਤਾ ਵਲੋਂ ਮੁਸਲਮਾਨਾਂ ਨੂੰ ਚਿਤਾਵਨੀ, ''ਮੇਰੀ ਪਤਨੀ ਨੂੰ ਵੋਟ ਨਾ ਪਾਈ ਤਾਂ ਭੁਗਤਣੇ ਪੈਣਗੇ ਸਿੱਟੇ''
Friday, Nov 17, 2017 - 11:47 AM (IST)

ਬਾਰਾਬੰਕੀ— ਉੱਤਰ ਪ੍ਰਦੇਸ਼ ਵਿਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਸ ਦੌਰਾਨ ਭਾਜਪਾ ਨੇਤਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਇਥੋਂ ਤੱਕ ਕਿ ਕਈ ਭਾਜਪਾ ਨੇਤਾ ਆਪਣੇ ਵਿਕਾਸ ਕਾਰਜਾਂ ਦਾ ਪ੍ਰਚਾਰ ਕਰਨ ਦੀ ਬਜਾਏ ਮੁਸਲਿਮ ਵੋਟਰਾਂ ਨੂੰ ਹੀ ਡਰਾਉਣ-ਧਮਕਾਉਣ ਵਿਚ ਲੱਗੇ ਹੋਏ ਹਨ। ਇਥੇ ਭਾਜਪਾ ਦੀ ਹੀ ਚੇਅਰਮੈਨ ਦੇ ਅਹੁੱਦੇ ਦੀ ਇਕ ਉਮੀਦਵਾਰ ਸ਼ਸ਼ੀ ਸ਼੍ਰੀਵਾਸਤਵ ਦੇ ਪਤੀ ਅਤੇ ਮੌਜੂਦਾ ਚੇਅਰਮੈਨ ਰਣਜੀਤ ਬਹਾਦਰ ਸ਼੍ਰੀਵਾਸਤਵ ਨੇ ਸ਼ਰੇਆਮ ਸਟੇਜ ਤੋਂ ਮੁਸਲਿਮ ਵੋਟਰਾਂ ਨੂੰ ਧਮਕਾਇਆ ਅਤੇ ਉਨ੍ਹਾਂ ਦੀ ਪਤਨੀ ਨੂੰ ਵੋਟ ਨਾ ਦੇਣ 'ਤੇ ਸਿੱਟੇ ਭੁਗਤਣ ਦੀ ਚਿਤਾਵਨੀ ਤੱਕ ਦੇ ਦਿੱਤੀ। 13 ਨਵੰਬਰ ਨੂੰ ਬਾਰਾਬੰਕੀ ਦੇ ਸੱਤਿਆਪ੍ਰੇਮੀ ਨਗਰ ਦੇ ਰਾਮ ਸਵਰੂਪ ਯਾਦਵ ਪਾਰਕ ਵਿਚ ਆਯੋਜਿਤ ਇਕ ਸੰਮੇਲਨ ਦੌਰਾਨ ਸ਼ਸ਼ੀ ਸ਼੍ਰੀਵਾਸਤਵ ਦੇ ਪਤੀ ਨੇ ਸ਼ਰੇਆਮ ਮੁਸਲਿਮ ਵੋਟਰਾਂ ਨੂੰ ਧਮਕਾਇਆ ਅਤੇ ਭਾਜਪਾ ਲਈ ਆਮ ਕਰਕੇ ਅਤੇ ਆਪਣੀ ਪਤਨੀ ਲਈ ਖਾਸ ਕਰਕੇ ਵੋਟ ਪਾਉਣ ਲਈ ਦਬਾਅ ਪਾਇਆ।