ਸਿੱਧਰਮਈਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭਾਜਪਾ-ਜਨਤਾ ਦਲ (ਐੱਸ) ਦਾ ਵਿਰੋਧ ਮਾਰਚ ਜਾਰੀ
Saturday, Aug 10, 2024 - 11:45 PM (IST)
ਮੈਸੂਰ, (ਭਾਸ਼ਾ)- ਕਰਨਾਟਕ ’ਚ ਵਿਰੋਧੀ ਧਿਰ ਭਾਜਪਾ ਅਤੇ ਜਨਤਾ ਦਲ (ਐੱਸ) ਨੇ ਕਥਿਤ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਐੱਮ. ਯੂ. ਡੀ. ਏ.) ਦੇ ਜ਼ਮੀਨ ਅਲਾਟਮੈਂਟ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਸਿੱਧਰਮਈਆ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਪੂਰਾ ਹਫਤਾ ਚੱਲਣ ਵਾਲੇ ਆਪਣੇ ਵਿਰੋਧ ਮਾਰਚ ਤਹਿਤ ਸ਼ਨੀਵਾਰ ਨੂੰ ਵੀ ਪ੍ਰਦਰਸ਼ਨ ਕੀਤਾ। ‘ਮੈਸੂਰ ਚਲੋ’ ਵਿਰੋਧ ਮਾਰਚ ਦਾ ਅੱਜ ਆਖਰੀ ਦਿਨ ਸੀ।
ਭਾਜਪਾ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਬੀ. ਵਾਈ. ਵਿਜਯੇਂਦਰ, ਜਨਤਾ ਦਲ (ਐੱਸ) ਨੇਤਾ ਨਿਖਿਲ ਕੁਮਾਰਸਵਾਮੀ ਅਤੇ ਦੋਵਾਂ ਪਾਰਟੀਆਂ ਦੇ ਕਈ ਨੇਤਾਵਾਂ ਨੇ ਮੰਦਰ ਵਿਚ ਪੂਜਾ ਕਰਨ ਤੋਂ ਬਾਅਦ ਇਸ ਵਿਰੋਧ ਮਾਰਚ ’ਚ ਹਿੱਸਾ ਲਿਆ।
ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਐੱਮ. ਯੂ. ਡੀ. ਏ. ਨੇ ਉਨ੍ਹਾਂ ਲੋਕਾਂ ਨੂੰ ਮੁਆਵਜ਼ੇ ਵਜੋਂ ਜ਼ਮੀਨ ਅਲਾਟ ਕਰਨ ’ਚ ਗੜਬੜੀਆਂ ਕੀਤੀਆਂ ਹਨ, ਜਿਨ੍ਹਾਂ ਦੀ ਜ਼ਮੀਨ ‘ਐਕਵਾਇਰ’ ਕੀਤੀ ਗਈ ਹੈ। ਸਿੱਧਰਮਈਆ ਦੀ ਪਤਨੀ ਪਾਰਵਤੀ ਵੀ ਉਨ੍ਹਾਂ ਲੋਕਾਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਮੁਆਵਜ਼ੇ ਵਜੋਂ ਜ਼ਮੀਨ ਮਿਲੀ ਹੈ।