ਭਾਜਪਾ ਨੇ ਦਿੱਲੀ ਜਲ ਬੋਰਡ ਦਾ ਘਿਰਾਅ ਕੀਤਾ ਖਤਮ

Wednesday, Jun 12, 2019 - 05:31 PM (IST)

ਭਾਜਪਾ ਨੇ ਦਿੱਲੀ ਜਲ ਬੋਰਡ ਦਾ ਘਿਰਾਅ ਕੀਤਾ ਖਤਮ

ਨਵੀਂ ਦਿੱਲੀ— ਦਿੱਲੀ 'ਚ ਪਾਣੀ ਦੀ ਸਪਲਾਈ 'ਚ ਕਮੀ ਨੂੰ ਲੈ ਕੇ ਦਿੱਲੀ ਜਲ ਬੋਰਡ (ਡੀ.ਜੇ.ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਖਿਲ ਕੁਮਾਰ ਨੂੰ 10 ਘੰਟਿਆਂ ਤੋਂ ਵਧ ਸਮੇਂ ਤੱਕ ਬੰਧਕ ਬਣਾਉਣ ਵਾਲੇ ਭਾਜਪਾ ਵਫ਼ਦ ਨੇ ਪੁਲਸ ਬੁਲਾਏ ਜਾਣ ਤੋਂ ਬਾਅਦ ਬੁੱਧਵਾਰ ਤੜਕੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ। ਅਧਿਕਾਰੀ ਨੇ ਪੁਲਸ ਬੁਲਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਕੱਢਿਆ ਗਿਆ। ਵਫ਼ਦ ਦੀ ਅਗਵਾਈ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ ਨੇ ਦੱਸਿਆ ਕਿ ਡੀ.ਜੇ.ਬੀ. ਦੇ ਸੀ.ਈ.ਓ. ਨੇ ਪੁਲਸ ਨੂੰ ਬੁਲਾਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਘਿਰਾਅ ਬੁੱਧਵਾਰ ਤੜਕੇ ਕਰੀਬ 3.30 ਵਜੇ ਖਤਮ ਹੋਇਆ।

ਦਿੱਲੀ ਜਲ ਬੋਰਡ ਦੇ ਉੱਪ ਪ੍ਰਧਾਨ ਦਿਨੇਸ਼ ਮੋਹਨੀਆ ਨੇ ਕਿਹਾ ਕਿ ਉਹ ਆਪਣੀ ਸਮਰੱਥਾ ਤੋਂ ਵਧ ਪਾਣੀ ਦੀ ਸਪਲਾਈ ਕਰ ਰਹੇ ਹਨ ਅਤੇ ਉਨ੍ਹਾਂ ਨੇ ਭਾਜਪਾ 'ਤੇ ਇਸ ਮੁੱਦੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਇਆ। ਮੰਗਲਵਾਰ ਸ਼ਾਮ ਲਗਭਗ 5 ਵਜੇ, ਭਾਜਪਾ ਵਫ਼ਦ ਡੀ.ਜੇ.ਬੀ. ਦੇ ਸੀ.ਈ.ਓ. ਕੁਮਾਰ ਨੂੰ ਮਿਲਣ ਪੁੱਜੇ, ਜਿਨ੍ਹਾਂ ਨੇ 6 ਜੂਨ ਨੂੰ ਅਹੁਦਾ ਸੰਭਾਲਿਆ ਸੀ। ਵਫ਼ਦ 'ਚ ਗੋਇਲ ਤੋਂ ਇਲਾਵਾ ਵਿਧਾਇਕ ਓ.ਪੀ. ਸ਼ਰਮਾ ਅਤੇ ਭਾਜਪਾ ਸ਼ਹਿਰ ਇਕਾਈ ਦੇ ਉੱਪ ਪ੍ਰਧਾਨ ਜੈ ਪ੍ਰਕਾਸ਼ ਸ਼ਾਮਲ ਸਨ ਪਰ ਕੁਝ ਹੀ ਦੇਰ 'ਚ ਵਫ਼ਦ ਨੇ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਡੀ.ਜੇ.ਬੀ. ਹੈੱਡ ਕੁਆਰਟਰ ਜਲਦ ਹੀ ਇਕ ਵਿਰੋਧ ਸਥਾਨ 'ਚ ਤਬਦੀਲ ਹੋ ਗਿਆ। ਭਾਜਪਾ ਨੇਤਾਵਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਾਲੇ ਬੋਰਡ ਕੋਲ ਰਾਸ਼ਟਰੀ ਰਾਜਧਾਨੀ 'ਚ ਜਲ ਸੰਕਟ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਹੈ।


author

DIsha

Content Editor

Related News