ਪਬਜੀ ਖੇਡਣ ਦੀ ਆਦਤ ਨੇ ਨੌਜਵਾਨ ਨੂੰ ਪਹੁੰਚਾਇਆ ਹਸਪਤਾਲ, ਹੋਈ ਅਜਿਹੀ ਹਾਲਤ
Thursday, Mar 12, 2020 - 12:53 PM (IST)
ਬਕਸਰ— ਬਿਹਾਰ ਦੇ ਬਕਸਰ 'ਚ ਪਬਜੀ ਖੇਡਣ ਦੀ ਆਦਤ ਨੇ ਇਕ ਨੌਜਵਾਨ ਨੂੰ ਹਸਪਤਾਲ ਪਹੁੰਚਾਉਣਾ ਦਿੱਤਾ। ਨੌਜਵਾਨ ਦੇ ਘਰ ਵਾਲੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ। ਪੀੜਤ ਨੌਜਵਾਨ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦਾ ਰਹਿਣ ਵਾਲਾ ਹੈ, ਜੋ ਆਪਣੇ ਇਕ ਰਿਸ਼ਤੇਦਾਰ ਦੇ ਇੱਥੇ ਆਇਆ ਹੋਇਆ ਸੀ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਬਜੀ ਗੇਮ ਖੇਡਣ ਕਾਰਨ ਮਾਨਸਿਕ ਰੂਪ ਨਾਲ ਬੀਮਾਰ ਹੋ ਗਿਆ। ਇਲਾਜ ਲਈ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
3 ਦਿਨਾਂ ਤੋਂ ਹਾਰਨ ਕਾਰਨ ਰਿਸ਼ਤੇਦਾਰਾਂ ਨਾਲ ਕਰ ਰਿਹਾ ਸੀ ਕੁੱਟਮਾਰ
ਦੱਸਣਯੋਗ ਹੈ ਕਿ ਲਗਾਤਾਰ ਤਿੰਨ ਦਿਨਾਂ ਤੋਂ ਉਹ ਗੇਮ ਹਾਰ ਰਿਹਾ ਸੀ, ਜਿਸ ਕਾਰਨ ਉਸ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਅਤੇ ਆਪੇ ਤੋਂ ਬਾਹਰ ਹੋ ਗਿਆ। ਇਸ ਵਿਚ ਨੌਜਵਾਨ ਅਚਾਨਕ ਰਿਸ਼ਤੇਦਾਰਾਂ ਨਾਲ ਕੁੱਟਮਾਰ ਕਰਦੇ ਹੋਏ ਆਪਣਾ ਸਿਰ ਕੰਧ 'ਚ ਮਾਰਨ ਲੱਗਾ, ਜਿਸ 'ਚ ਉਹ ਜ਼ਖਮੀ ਵੀ ਹੋ ਗਿਆ।
ਨੌਜਵਾਨ ਦੀ ਹਾਲਤ ਹੁਣ ਠੀਕ
ਦੂਜੇ ਪਾਸੇ ਨੌਜਵਾਨ ਦਾ ਇਲਾਜ ਕਰ ਰਹੇ ਡਾਕਟਰ ਅਨਿਲ ਅਨੁਸਾਰ, ਘਰ ਵਾਲਿਆਂ ਨੇ ਦੱਸਿਆ ਕਿ ਇਸ ਦੀ ਇਹ ਹਾਲਤ ਪਬਜੀ ਖੇਡਣ ਕਾਰਨ ਹੋਈ ਹੈ। ਇਸ ਨੂੰ ਜਦੋਂ ਪਬਜੀ ਖੇਡਣ ਤੋਂ ਮਨ੍ਹਾ ਕੀਤਾ ਜਾਂਦਾ ਸੀ ਤਾਂ ਇਹ ਮਾਰਨ ਲਈ ਦੌੜਦਾ ਸੀ। ਫਿਲਹਾਲ ਨੌਜਵਾਨ ਦੀ ਹਾਲਤ ਠੀਕ ਹੈ।
ਪਹਿਲਾਂ ਵੀ ਕਈ ਮਾਮਲੇ ਆ ਚੁਕੇ ਹਨ ਸਾਹਮਣੇ
ਦੱਸਣਯੋਗ ਹੈ ਕਿ ਪਬਜੀ ਗੇਮ ਨੇ ਪਹਿਲਾਂ ਵੀ ਕਈ ਨੌਜਵਾਨਾਂ ਦੀ ਅਜਿਹੀ ਹੀ ਹਾਲਤ ਕੀਤੀ ਹੈ। ਇਸ ਗੇਮ ਕਾਰਨ ਕਈ ਨੌਜਵਾਨਾਂ ਦੇ ਖੁਦਕੁਸ਼ੀ ਕਰਨ ਦੇ ਮਾਮਲੇ ਵੀ ਸਾਹਮਣੇ ਆ ਚੁਕੇ ਹਨ।