ਬਿਹਾਰ ’ਚ ਪੁਲਸ ਨੇ ਐੱਸ. ਟੀ. ਈ. ਟੀ. ਉਮੀਦਵਾਰਾਂ ’ਤੇ ਕੀਤਾ ਲਾਠੀਚਾਰਜ
Thursday, Aug 07, 2025 - 10:41 PM (IST)

ਪਟਨਾ, (ਭਾਸ਼ਾ)- ਵੀਰਵਾਰ ਨੂੰ ਇਥੇ ਡਾਕ ਬੰਗਲਾ ਚੌਕ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪੁਲਸ ਨੇ ਅਧਿਆਪਕ ਭਰਤੀ ਪ੍ਰੀਖਿਆ (ਟੀ. ਆਰ. ਈ.-5) ਤੋਂ ਪਹਿਲਾਂ ਸੈਕੰਡਰੀ ਅਧਿਆਪਕ ਯੋਗਤਾ ਪ੍ਰੀਖਿਆ (ਐੱਸ. ਟੀ. ਈ. ਟੀ.) ਕਰਵਾਉਣ ਦੀ ਮੰਗ ਕਰ ਰਹੇ ਉਮੀਦਵਾਰਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕੀਤਾ।
ਪਟਨਾ (ਕੇਂਦਰੀ) ਦੀ ਪੁਲਸ ਸੁਪਰਡੈਂਟ ਦੀਕਸ਼ਾ ਨੇ ਦੱਸਿਆ, ‘‘ਪ੍ਰਦਰਸ਼ਨਕਾਰੀ ਡਾਕ ਬੰਗਲਾ ਚੌਕ ਦੇ ਨੇੜੇ ਇਕੱਠੇ ਹੋਏ ਅਤੇ ਆਵਾਜਾਈ ਜਾਮ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ਨੂੰ ਪਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮਚਾਰੀਆਂ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ, ਉਨ੍ਹਾਂ ਨੇ ਸੜਕਾਂ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ ਗਈ।’’
ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਲਾਠੀਚਾਰਜ ’ਚ ਕਈ ਲੋਕ ਜ਼ਖਮੀ ਹੋਏ ਹਨ, ਜਿਸ ਨੂੰ ਅਧਿਕਾਰੀਆਂ ਨੇ ਨਾਕਾਰ ਦਿੱਤਾ। ਰਾਹੁਲ ਕੁਮਾਰ ਨਾਂ ਦੇ ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਅਸੀਂ ਸਿਰਫ਼ ਇਹੀ ਮੰਗ ਕੀਤੀ ਸੀ ਕਿ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਟੀ. ਆਰ. ਈ.-5 ਤੋਂ ਪਹਿਲਾਂ ਐੱਸ. ਟੀ. ਈ. ਟੀ. ਆਯੋਜਿਤ ਹੋਵੇ।’’