ਲਾਕਡਾਊਨ ਕਾਰਨ ਪੇਕੇ ਫਸੀ ਪਤਨੀ ਤਾਂ ਪਤੀ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ
Thursday, Apr 16, 2020 - 01:04 PM (IST)
ਪਾਲੀਗੰਜ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਲਗਾਤਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ ਪਰ ਇਸ ਕਾਰਨ ਰਿਸ਼ਤੇ ਟੁੱਟਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪੇਕੇ ਗਈ ਇਕ ਪਤਨੀ ਲਾਕਡਾਊਨ ਕਾਰਨ ਪਤੀ ਦੇ ਬੁਲਾਉਣ 'ਤੇ ਵਾਪਸ ਸਹੁਰੇ ਨਹੀਂ ਪਹੁੰਚੀ ਜਿਸ ਕਾਰਨ ਉਸ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ।
ਦੱਸਣਯੋਗ ਹੈ ਕਿ ਇਹ ਪੂਰਾ ਮਾਮਲਾ ਬਿਹਾਰ ਦੇ ਦੁਲਹਨ ਬਾਜ਼ਾਰ ਥਾਣਾ ਇਲਾਕੇ ਦਾ ਹੈ, ਜਿੱਥੇ ਭਰਤਪੁਰ ਨਿਵਾਸੀ ਧੀਰਜ ਕੁਮਾਰ ਦਾ ਵਿਆਹ ਕੁਝ ਸਾਲ ਪਹਿਲਾਂ ਕਰਪੀ ਥਾਣਾ ਖੇਤਰ ਦੇ ਪੁਰਾਣ 'ਚ ਹੋਇਆ ਸੀ। ਧੀਰਜ ਦੀ ਪਤਨੀ ਕਿਸੇ ਕੰਮ ਕਾਰਨ ਕੁਝ ਦਿਨ ਪਹਿਲਾਂ ਆਪਣੇ ਪੇਕੇ ਗਈ ਸੀ ਅਤੇ ਇਸ ਦੌਰਾਨ ਲਾਕਡਾਊਨ ਦਾ ਐਲਾਨ ਹੋ ਗਿਆ। ਲਾਕਡਾਊਨ ਦੌਰਾਨ ਜਦੋਂ ਧੀਰਜ ਨੇ ਆਪਣੀ ਪਤਨੀ ਨੂੰ ਵਾਪਸ ਆਉਣ ਲਈ ਕਿਹਾ ਪਰ ਉਹ ਨਾ ਪਰਤ ਸਕੀ। ਇਸ ਗੱਲ ਤੋਂ ਧੀਰਜ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਦੂਜਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਧੀਰਜ ਨੇ ਖਿਰੀਮੋਰ ਥਾਣਾਖੇਤਰ ਦੇ ਰਘੂਨਾਥਪੁਰ 'ਚ ਆਪਣੀ ਪ੍ਰੇਮਿਕਾ ਨਾਲ ਦੂਜਾ ਵਿਆਹ ਕਰਵਾ ਲਿਆ। ਇਸ ਗੱਲ ਦੀ ਜਾਣਕਾਰੀ ਜਦੋਂ ਧੀਰਜ ਦੀ ਪਹਿਲੀ ਪਤਨੀ ਨੂੰ ਮਿਲੀ ਤਾਂ ਉਸ ਨੇ ਦੁਲਹਨ ਬਾਜ਼ਾਰ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਪਹਿਲੀ ਪਤਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੇ ਪਤੀ ਧੀਰਜ ਕੁਮਾਰ ਤੋਂ ਪੁੱਛਗਿੱਛ ਕਰਨ ਲਈ ਬੁਲਾਇਆ, ਇਸ ਤੋਂ ਬਾਅਦ ਅੱਜ ਭਾਵ ਵੀਰਵਾਰ ਨੂੰ ਉਸ ਨੂੰ ਜੇਲ ਭੇਜ ਦਿੱਤਾ ਹੈ।