ਸਿੱਖਿਆ ਮੰਤਰਾਲਾ ਦਾ ਵੱਡਾ ਫ਼ੈਸਲਾ: ਹੁਣ ਸਾਲ 'ਚ 2 ਵਾਰ ਹੋਣਗੀਆਂ ਬੋਰਡ ਪ੍ਰੀਖਿਆਵਾਂ
Wednesday, Aug 23, 2023 - 04:48 PM (IST)
ਨਵੀਂ ਦਿੱਲੀ (ਭਾਸ਼ਾ)- ਸਿੱਖਿਆ ਮੰਤਰਾਲਾ ਨੇ ਸਕੂਲੀ ਸਿੱਖਿਆ ਦਾ ਨਵਾਂ ਰਾਸ਼ਟਰੀ ਪਾਠਕ੍ਰਮ ਢਾਂਚਾ (ਐੱਨ.ਸੀ.ਐਫ.) ਤਿਆਰ ਕੀਤਾ ਹੈ, ਜਿਸ ਤਹਿਤ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿਚ ਦੋ ਵਾਰ ਹੋਣਗੀਆਂ, ਵਿਦਿਆਰਥੀਆਂ ਕੋਲ ਵਧੀਆ ਅੰਕ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 2 ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ ਅਤੇ ਇਨ੍ਹਾਂ ਵਿਚੋਂ ਘੱਟੋ-ਘੱਟ ਇਕ ਭਾਸ਼ਾ ਭਾਰਤੀ ਹੋਣੀ ਚਾਹੀਦੀ ਹੈ। ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ ਨਵੀਂ ਸਿੱਖਿਆ ਨੀਤੀ (ਐੱਨ.ਈ.ਪੀ.) ਦੇ ਮੁਤਾਬਕ ਨਵਾਂ ਪਾਠਕ੍ਰਮ ਢਾਂਚਾ ਤਿਆਰ ਹੈ ਅਤੇ ਇਸ ਦੇ ਆਧਾਰ 'ਤੇ 2024 ਦੇ ਅਕਾਦਮਿਕ ਸੈਸ਼ਨ ਲਈ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ। ਸਕੂਲ ਪੱਧਰ 'ਤੇ ਨੈਸ਼ਨਲ ਪਾਠਕ੍ਰਮ ਢਾਂਚੇ ਦੇ ਦਸਤਾਵੇਜ਼ ਅਨੁਸਾਰ 11ਵੀਂ ਅਤੇ 12ਵੀਂ ਜਮਾਤ ਦੇ ਵਿਸ਼ਿਆਂ ਦੀ ਚੋਣ ਕਲਾ, ਵਿਗਿਆਨ, ਕਾਮਰਸ 'ਸਟਰੀਮ' ਤੱਕ ਸੀਮਤ ਨਹੀਂ ਹੋਵੇਗੀ ਸਗੋਂ ਵਿਦਿਆਰਥੀਆਂ ਨੂੰ ਆਪਣੀ ਪਸੰਦ ਦਾ ਵਿਸ਼ਾ ਚੁਣਨ ਦੀ ਆਜ਼ਾਦੀ ਮਿਲੇਗੀ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ
ਇਸ 'ਚ ਕਿਹਾ ਗਿਆ ਹੈ ਕਿ ਨਵੇਂ ਪਾਠਕ੍ਰਮ ਢਾਂਚੇ ਦੇ ਤਹਿਤ ਬੋਰਡ ਪ੍ਰੀਖਿਆਵਾਂ ਸਾਲ ਵਿਚ 2 ਵਾਰ ਹੋਣਗੀਆਂ ਅਤੇ ਵਿਦਿਆਰਥੀਆਂ ਨੂੰ ਵਧੀਆ ਅੰਕ ਬਰਕਰਾਰ ਰੱਖਣ ਦੀ ਇਜਾਜ਼ਤ ਹੋਵੇਗੀ। ਦਸਤਾਵੇਜ਼ ਦੇ ਅਨੁਸਾਰ, ਵਿਦਿਆਰਥੀ ਇਸ 'ਚੋਂ ਉਸ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ ਜਿਸ ਲਈ ਉਹ ਖ਼ੁਦ ਨੂੰ ਤਿਆਰ ਮਹਿਸੂਸ ਕਰਨਗੇ। ਇਸ ਦੇ ਮੁਤਾਬਕ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 2 ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ ਅਤੇ ਇਨ੍ਹਾਂ ਵਿਚੋਂ ਘੱਟੋ-ਘੱਟ ਇਕ ਭਾਸ਼ਾ ਭਾਰਤੀ ਹੋਣੀ ਚਾਹੀਦੀ ਹੈ। ਨਵੇਂ ਪਾਠਕ੍ਰਮ ਢਾਂਚੇ ਦੇ ਅਨੁਸਾਰ, ਬੋਰਡ ਪ੍ਰੀਖਿਆਵਾਂ ਮਹੀਨਿਆਂ ਦੀ ਕੋਚਿੰਗ ਅਤੇ ਰੋਟ ਲਰਨਿੰਗ ਦੇ ਮੁਕਾਬਲੇ ਵਿਦਿਆਰਥੀਆਂ ਦੀ ਸਮਝ ਅਤੇ ਕੁਸ਼ਲਤਾ ਦੇ ਪੱਧਰ ਦਾ ਮੁਲਾਂਕਣ ਕਰਨਗੀਆਂ। ਇਸ ਤਹਿਤ ਜਮਾਤਾਂ ਵਿਚ ਪਾਠ-ਪੁਸਤਕਾਂ ਨੂੰ 'ਕਵਰ' ਕਰਨ ਦੀ ਮੌਜੂਦਾ ਪ੍ਰਥਾ ਤੋਂ ਬਚਿਆ ਜਾਵੇਗਾ ਅਤੇ ਪਾਠ-ਪੁਸਤਕਾਂ ਦੀ ਕੀਮਤ ਵਿਚ ਕਮੀ ਲਿਆਂਦੀ ਜਾਵੇਗੀ। ਨਵੇਂ ਪਾਠਕ੍ਰਮ ਢਾਂਚੇ ਅਨੁਸਾਰ, ਸਕੂਲ ਬੋਰਡ ਉੱਚਿਤ ਸਮੇਂ 'ਚ 'ਮੰਗ ਅਨੁਸਾਰ' ਪ੍ਰੀਖਿਆ ਦੀ ਪੇਸ਼ਕਸ਼ ਕਰਨ ਦੀ ਸਮਰੱਥਾ ਵਿਕਸਿਤ ਕਰਨਗੇ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8