ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੋ ਦਿਨੀਂ ਦੌਰੇ 'ਤੇ ਪਹੁੰਚੇ ਭੂਟਾਨ
Friday, Jun 07, 2019 - 02:21 PM (IST)

ਥੀਂਪੂ/ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੋ ਦਿਨੀਂ ਦੌਰੇ 'ਤੇ ਅੱਜ ਭਾਵ ਸ਼ੁੱਕਰਵਾਰ ਨੂੰ ਭੂਟਾਨ ਪਹੁੰਚੇ। ਵਿਦੇਸ਼ ਮੰਤਰੀ ਦੇ ਤੌਰ 'ਤੇ 30 ਮਈ ਨੂੰ ਅਹੁਦਾ ਸੰਭਾਲਣ ਦੇ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਦੌਰੇ ਦੌਰਾਨ ਜੈਸ਼ੰਕਰ ਆਪਣੇ ਭੂਟਾਨੀ ਹਮਰੁਤਬਾ ਦੇ ਨਾਲ ਵਾਰਤਾ ਕਰਨਗੇ ਅਤੇ ਪ੍ਰਧਾਨ ਮੰਤਰੀ ਲੋਤੇ ਤਸ਼ੇਰਿੰਗ ਨਾਲ ਮੁਲਾਕਾਤ ਕਰਨਗੇ। ਜੈਸ਼ੰਕਰ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
Great to be back in Bhutan!
— Dr. S. Jaishankar (@DrSJaishankar) June 7, 2019
Touched by the warm and sunny welcome! Thank you @FMBhutan Tandi Dorji pic.twitter.com/h7Jpktnz33
ਜੈਸ਼ੰਕਰ ਦੇ ਪਹੁੰਚਣ 'ਤੇ ਉਨ੍ਹਾਂ ਦੇ ਹਮਰੁਤਬਾ ਤਾਂਡੀ ਦੋਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਟਵੀਟ ਕੀਤਾ,''ਭੂਟਾਨ ਵਿਚ ਵਾਪਸ ਆਉਣਾ ਸੁਖਦਾਈ ਹੈ। ਗਰਮਜੋਸੀ ਭਰੇ ਸਵਾਗਤ ਨਾਲ ਮੈਂ ਕਾਫੀ ਖੁਸ਼ ਹਾਂ।''ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਇਹ ਦੌਰਾ ਦਰਸਾਉਂਦਾ ਹੈ ਕਿ ਕਰੀਬੀ ਦੋਸਤ ਅਤੇ ਗੁਆਂਢੀ ਭੂਟਾਨ ਨਾਲ ਸੰਬੰਧਾਂ ਨੂੰ ਭਾਰਤ ਕਿੰਨਾ ਮਹੱਤਵ ਦਿੰਦਾ ਹੈ।
ਬੀਤੇ ਕੁਝ ਸਾਲਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧਾਂ ਵਿਚ ਕਾਫੀ ਤਰੱਕੀ ਹੋਈ ਹੈ। ਮੰਤਰਾਲੇ ਨੇ ਕਿਹਾ,''ਭਾਰਤ ਅਤੇ ਭੂਟਾਨ ਵਿਚ ਵਿਲੱਖਣ ਅਤੇ ਸਮੇਂ ਦੀ ਕਸੌਟੀ 'ਤੇ ਪਰਖੇ ਗਏ ਦੋ-ਪੱਖੀ ਸੰਬੰਧ ਹਨ ਜੋ ਕਾਫੀ ਵਿਸ਼ਵਾਸ, ਸਦਭਾਵਨਾ ਅਤੇ ਆਪਸੀ ਸਮਝਦਾਰੀ ਦੇ ਆਧਾਰ 'ਤੇ ਬਣੇ ਹਨ।'' ਮੰਤਰਾਲੇ ਨੇ ਕਿਹਾ,''ਦੌਰੇ ਦੌਰਾਨ ਦੋਵੇਂ ਪੱਖ ਆਉਣ ਵਾਲੇ ਉੱਚ ਪੱਧਰੀ ਲੈਣ-ਦੇਣ , ਆਰਥਿਕ ਵਿਕਾਸ ਅਤੇ ਪਣ ਬਿਜਲੀ ਖੇਤਰ ਵਿਚ ਸਹਿਯੋਗ ਸਮੇਤ ਦੋ-ਪੱਖੀ ਸੰਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਕਰਨਗੇ।''