ਭੁਪਿੰਦਰ ਹੁੱਡਾ ਨੇ ਘੇਰੀ ਖੱਟੜ ਸਰਕਾਰ, ਬੋਲੇ- ਕਾਂਗਰਸ ਸਰਕਾਰ ’ਚ ਸਕੂਲ ਬੰਦ ਨਹੀਂ ਅਪਗ੍ਰੇਡ ਹੋਏ

Saturday, Aug 27, 2022 - 01:02 PM (IST)

ਭੁਪਿੰਦਰ ਹੁੱਡਾ ਨੇ ਘੇਰੀ ਖੱਟੜ ਸਰਕਾਰ, ਬੋਲੇ- ਕਾਂਗਰਸ ਸਰਕਾਰ ’ਚ ਸਕੂਲ ਬੰਦ ਨਹੀਂ ਅਪਗ੍ਰੇਡ ਹੋਏ

ਰੋਹਤਕ- ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਦਾ ਕੰਮ ਸਕੂਲ ਖੋਲ੍ਹਣਾ ਅਤੇ ਅਧਿਆਪਕਾਂ ਦੀ ਭਰਤੀ ਕਰਨਾ ਹੈ। ਇਸ ਦੇ ਉਲਟ ਮੌਜੂਦਾ ਸਰਕਾਰ ਸਕੂਲਾਂ ਨੂੰ ਬੰਦ ਅਤੇ ਅਧਿਆਪਕ ਅਹੁਦਿਆਂ ਨੂੰ ਖਤਮ ਕਰ ਰਹੀ ਹੈ। ਗਲਤ ਬਿਆਨਬਾਜ਼ੀ ਕਰ ਕੇ ਸਰਕਾਰ ਅਤੇ ਉਸ ਦੇ ਮੰਤਰੀਆਂ ਵਲੋਂ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦਕਿ ਸੱਚਾਈ ਇਹ ਹੈ ਕਿ ਪ੍ਰਦੇਸ਼ ਭਰ ਦੇ ਸਕੂਲਾਂ ’ਚ 38 ਹਜ਼ਾਰ ਤੋਂ ਵਧੇਰੇ ਅਹੁਦੇ ਖਾਲੀ ਪਏ ਹੋਏ ਹਨ ਪਰ ਪਿਛਲੇ 8 ਸਾਲਾਂ ਤੋਂ  ਸਰਕਾਰ ਨੇ ਜੇ. ਬੀ. ਟੀ. ਦੀ ਇਕ ਵੀ ਭਰਤੀ ਨਹੀਂ ਕੱਢੀ। ਦਰਅਸਲ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਨੇ ਇਹ ਬਿਆਨ ਦਿੱਤਾ ਸੀ ਕਿ ਕਾਂਗਰਸ ਸਰਕਾਰ ਨੇ ਕਈ ਸਕੂਲਾਂ ਨੂੰ ਬੰਦ ਕੀਤਾ ਸੀ।

ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਹੁੱਡਾ ਨੇ ਕਿਹਾ ਕਿ ਮੰਤਰੀ ਵਲੋਂ ਕੀਤਾ ਜਾ ਰਿਹਾ ਦਾਅਵਾ ਬਿਲਕੁੱਲ ਬੇਬੁਨਿਆਦ ਹੈ। ਕਾਂਗਰਸ ਸਰਕਾਰ ਦੌਰਾਨ ਸਕੂਲਾਂ ਨੂੰ ਬੰਦ ਨਹੀਂ ਸਗੋਂ ਅਪਗ੍ਰੇ਼ਡ ਕੀਤਾ ਗਿਆ ਸੀ। ਜਦਕਿ ਮੌਜੂਦਾ ਸਰਕਾਰ ਕਰੀਬ 5 ਹਜ਼ਾਰ ਸਕੂਲਾਂ ਨੂੰ ਬੰਦ ਕਰ ਚੁੱਕੀ ਹੈ। ਸਰਕਾਰ ਨੇ ਸੈਂਕੜੇ ਸਕੂਲਾਂ ’ਚ ਸਾਇੰਸ ਦੀ ਸਟਰੀਮ ਨੂੰ ਹੀ ਬੰਦ ਕਰ ਦਿੱਤਾ ਹੈ। ਕਈ ਸਕੂਲਾਂ ਤੋਂ ਕੈਮਿਸਟਰੀ, ਫਿਜੀਕਸ, ਮੈਥਸ ਅਤੇ ਇੰਗਲਿਸ਼ ਵਰਗੇ ਵਿਸ਼ਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਮਜਬੂਰੀ ’ਚ ਬੱਚਿਆਂ ਨੂੰ ਕਈ-ਕਈ ਕਿਲੋਮੀਟਰ ਦੂਰ ਸਕੂਲਾਂ ’ਚ ਪੜ੍ਹਨ ਲਈ ਜਾਣਾ ਪਵੇਗਾ।


author

Tanu

Content Editor

Related News