ਭਾਖੜਾ ਡੈਮ 'ਚ ਪਾਣੀ ਦਾ ਪੱਧਰ 3 ਫੁੱਟ ਘਟਿਆ ਪਰ ਅਜੇ ਵੀ ਨਹੀਂ ਟਲਿਆ ਖਤਰਾ

08/21/2019 11:25:18 AM

ਹਿਮਾਚਲ— ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ। ਬੁੱਧਵਾਰ ਯਾਨੀ ਕਿ ਅੱਜ ਡੈਮ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵਲੋਂ ਦਿੱਤੀ ਜਾਣਕਾਰੀ ਮੁਤਾਬਕ ਡੈਮ ਦਾ ਪਾਣੀ 3 ਫੁੱਟ ਘਟਿਆ ਹੈ ਯਾਨੀ ਕਿ ਡੈਮ ਦੇ ਪਾਣੀ ਦਾ ਪੱਧਰ 1681 ਤੋਂ ਘੱਟ ਕੇ 1678 ਫੁੱਟ ਹੋ ਗਿਆ ਹੈ ਪਰ ਫਿਰ ਵੀ ਅਜੇ ਖਤਰਾ ਟਲਿਆ ਨਹੀਂ ਹੈ। ਇੱਥੇ ਦੱਸ ਦੇਈਏ ਕਿ ਮੰਗਲਵਾਰ ਨੂੰ ਪਾਣੀ ਘੱਟ ਕੇ 35,000 ਕਿਊਸਿਕ ਰਹਿ ਗਿਆ ਸੀ, ਜੋ ਕਿ ਮੀਂਹ ਪੈਣ ਕਾਰਨ 43,500 ਕਿਊਸਿਕ ਹੋ ਗਿਆ ਹੈ। 18 ਅਗਸਤ ਦੀ ਰਾਤ ਅਤੇ 19 ਅਗਸਤ ਦੀ ਦੁਪਹਿਰ ਨੂੰ 4 ਲੱਖ ਕਿਊਸਿਕ ਦੇ ਪਾਣੀ ਛੱਡਿਆ ਗਿਆ ਸੀ। ਹਾਲਾਂਕਿ ਪਾਣੀ ਦਾ ਆਊਟ ਫਲੋਅ 76,220 ਕਿਊਸਿਕ ਹੈ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਖਤਰਾ ਛੇਤੀ ਹੀ ਟਲ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਿਮਾਚਲ 'ਚ 'ਚ ਭਾਰੀ ਮੀਂਹ ਕਾਰਨ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਪੁੱਜਿਆ ਸੀ, ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ। ਡੈਮ ਤੋਂ ਲੱਗਭਗ 50 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਅਤੇ ਦਰਿਆਵਾਂ ਵਿਚ ਛੱਡਿਆ ਗਿਆ। ਪਾਣੀ ਛੱਡੇ ਜਾਣ ਕਾਰਨ ਕਈ ਸ਼ਹਿਰਾਂ 'ਚ ਅਲਰਟ ਵੀ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਹੇਠਲੇ ਇਲਾਕਿਆਂ ਅਤੇ ਪਿੰਡਾਂ ਵਿਚ ਵੱਸਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਜਾਣਾ ਪਿਆ।


Tanu

Content Editor

Related News