ਭਾਗਵਤ ਦੀ ਟਿੱਪਣੀ ਇਤਿਹਾਸ ਨੂੰ ਵਿਗੜਣ ਦੀ ਕੋਸ਼ਿਸ਼ : ਮਮਤਾ
Thursday, Jan 16, 2025 - 06:39 PM (IST)
ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਦੀ ਟਿੱਪਣੀ ਦੀ ਵੀਰਵਾਰ ਨੂੰ ਨਿੰਦਾ ਕੀਤੀ ਕਿ ਸਦੀਆਂ ਤੱਕ ਦੁਸ਼ਮਣਾਂ ਦੇ ਹਮਲੇ ਝੱਲਣ ਵਾਲੇ ਭਾਰਤ ਨੂੰ ‘ਸੱਚੀ ਆਜ਼ਾਦੀ’ ਅਯੁੱਧਿਆ ’ਚ ਰਾਮ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਦਿਨ ਮਿਲੀ ਸੀ।
ਮਮਤਾ ਨੇ ਭਾਗਵਤ ਦੀ ਟਿੱਪਣੀ ਨੂੰ ਇਤਿਹਾਸ ਨੂੰ ਵਿਗੜਣ ਦੀ ਕੋਸ਼ਿਸ਼ ਕਰਾਰ ਦਿੱਤਾ। ਭਾਗਵਤ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਯੁੱਧਿਆ ’ਚ ਭਗਵਾਨ ਰਾਮ ਦੇ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਦੀ ਤਰੀਕ ‘ਪ੍ਰਤਿਸ਼ਠਾ ਦੁਆਦਸ਼ੀ’ ਦੇ ਤੌਰ ’ਤੇ ਮਨਾਈ ਜਾਣੀ ਚਾਹੀਦੀ ਹੈ, ਕਿਉਂਕਿ ਸਦੀਆਂ ਤੋਂ ਦੁਸ਼ਮਣਾਂ ਦੇ ਹਮਲੇ ਝੱਲਣ ਵਾਲੇ ਭਾਰਤ ਦੀ ‘ਸੱਚੀ ਆਜ਼ਦੀ’ ਇਸ ਦਿਨ ਸਥਾਪਿਤ ਹੋਈ ਸੀ। ਮਮਤਾ ਨੇ ਸੂਬਾ ਸਕੱਤਰੇਤ ‘ਨਬੰਨਾ’ ’ਚ ਕਿਹਾ ਕਿ ਇਹ ਰਾਸ਼ਟਰ-ਵਿਰੋਧੀ ਹੈ। ਮੈਂ ਇਸ ਦੀ ਸਖ਼ਤ ਨਿੰਦਾ ਕਰਦੀ ਹਾਂ। ਇਹ ਇਕ ਖਤਰਨਾਕ ਟਿੱਪਣੀ ਹੈ, ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।