ਮੁਸਲਮਾਨ ਹੋਣ ਕਾਰਨ ਬੇਟਿਆਂ ''ਤੇ ਕੀਤਾ ਹਮਲਾ, ਪਰ ਬਚਾਇਆ ਵੀ ਹਿੰਦੂ ਜਮਾਤੀਆਂ ਨੇ

Sunday, Feb 04, 2018 - 04:32 PM (IST)

ਮੁਸਲਮਾਨ ਹੋਣ ਕਾਰਨ ਬੇਟਿਆਂ ''ਤੇ ਕੀਤਾ ਹਮਲਾ, ਪਰ ਬਚਾਇਆ ਵੀ ਹਿੰਦੂ ਜਮਾਤੀਆਂ ਨੇ

ਮਹਿੰਦਰਗੜ੍ਹ — ਹਰਿਆਣਾ ਦੀ ਮਹਿੰਦਰਗੜ੍ਹ ਸੈਂਟਰਲ ਯੂਨੀਵਰਸਿਟੀ ਦੇ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ 'ਚ ਪੁਲਸ 3 ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੌਰਾਨ ਇਕ ਪੀੜਤ ਵਿਦਿਆਰਥੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਟੋਪੀ ਅਤੇ ਦਾੜ੍ਹੀ ਰੱਖਣ ਦੇ ਕਾਰਨ ਹੀ ਉਨ੍ਹਾਂ ਦੇ ਬੇਟੇ 'ਤੇ ਹਮਲਾ ਹੋਇਆ ਹੈ। ਪੀੜਤ ਵਿਦਿਆਰਥੀ ਦੇ ਪਿਤਾ ਨੇ ਆਪਣੇ ਬੇਟੇ ਦੀ ਮਦਦ ਕਰਨ ਵਾਲੇ ਕੁਝ ਹਿੰਦੂ ਲੜਕਿਆਂ ਦੀ ਤਾਰੀਫ ਵੀ ਕੀਤੀ।
ਜ਼ਿਕਰਯੋਗ ਹੈ ਕਿ ਹਰਿਆਣਾ ਸੈਂਟਰਲ ਯੂਨੀਵਰਸਿਟੀ 'ਚ ਪੜ੍ਹਣ ਵਾਲੇ ਅਮਜਦ ਅਤੇ ਆਫਤਾਬ 'ਤੇ ਕਥਿਤ ਤੌਰ 'ਤੇ 10-15 ਲੋਕਾਂ ਦੇ ਸਮੂਹ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਦੇ ਹੱਥਾਂ,ਪੈਰਾਂ ਅਤੇ ਚਹਿਰੇ 'ਤੇ ਸੱਟਾਂ ਲੱਗੀਆਂ ਹਨ। ਪੀੜਤ ਵਿਦਿਆਰਥੀ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਸਿਰਫ ਇਸ ਲਈ ਹਮਲਾ ਹੋਇਆ ਕਿਉਂਕਿ ਉਹ ਕਸ਼ਮੀਰੀ ਹਨ। 
ਅਬਦੁੱਲ ਕਯੂਮ ਨੇ ਆਪਣੇ ਬੇਟੇ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ, 'ਮੇਰਾ ਬੇਟਾ ਧਾਰਮਿਕ ਲੜਕਾ ਹੈ। ਉਹ ਨਮਾਜ਼ ਅਦਾ ਕਰਨਾ ਨਹੀਂ ਛੱਡ ਸਕਦਾ, ਪਰ ਮੈਂ ਉਸਨੂੰ ਦਾੜ੍ਹੀ ਸ਼ੇਵ ਕਰ ਲੈਣ ਦੀ ਸਲਾਹ ਦਿੱਤੀ ਹੈ।'

 


ਹਿੰਦੂ ਲੜਕੇ ਨੇ ਕੀਤੀ ਬੇਟੇ ਦੀ ਸਹਾਇਤਾ
ਆਫਤਾਬ ਦੇ ਪਿਤਾ ਮੁਹੰਮਦ ਅਬਦੁੱਲ ਕਯੂਮ ਨੇ ਕੁਝ ਹਿੰਦੂ ਵਿਦਿਆਰਥੀਆਂ ਦੀ ਤਾਰੀਫ ਕੀਤੀ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ, ' ਹਰਿਆਣੇ ਦੇ ਦੋ ਹਿੰਦੂ ਵਿਦਿਆਰਥੀਆਂ ਨੇ ਮੇਰੇ ਬੇਟੇ ਨੂੰ ਆਪਣਾ ਕਲਾਸਮੇਟ ਪਛਾਣ ਕੇ ਸਹਾਇਤਾ ਕੀਤੀ ਅਤੇ ਹਸਪਤਾਲ ਲੈ ਗਏ। ਇਸ ਦੇ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ।' ਕਯੂਮ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਲਈ ਮੁੱਖ ਮੰਤਰੀ ਮਹਿਬੂਬਾ ਦਾ ਵੀ ਧੰਨਵਾਦ ਕੀਤਾ।
ਵਿਦਿਆਰਥੀਆਂ ਨੂੰ ਧਰਮ ਨਾਲ ਨਾ ਜੋੜਿਆ ਜਾਵੇ
ਕਯੂਮ ਨੇ ਇਸ ਤੱਥ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਦੀ ਹਰ ਯੂਨੀਵਰਸਿਟੀ 'ਚ ਜੰਮੂ ਅਤੇ ਕਸ਼ਮੀਰ ਦੇ ਵਿਦਿਆਰਥੀ ਪੜ੍ਹਣ ਲਈ ਜਾਂਦੇ ਹਨ। ਇਸ ਲਈ ਜੇਕਰ ਉਨ੍ਹਾਂ ਨੂੰ ਧਰਮ ਦੇ ਅਧਾਰ 'ਤੇ ਦੇਖਿਆ ਜਾਵੇਗਾ ਤਾਂ ਇਹ ਕੰਮ ਨਹੀਂ ਕਰ ਸਕੇਗਾ'।
ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਰ ਸੂਬਿਆਂ ਤੋਂ ਵਿਦਿਆਰਥੀ ਜੰਮੂ-ਕਸ਼ਮੀਰ ਆਉਂਦੇ ਹਨ ਉਨ੍ਹਾਂ ਨਾਲ ਤਾਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਕਯੂਮ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਇਸ ਮਾਮਲੇ 'ਚ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।


Related News