ਦਵਾਈ ਖਰੀਦਦੇ ਸਮੇਂ ਜ਼ਰੂਰ ਚੈੱਕ ਕਰੋ ਲਾਲ ਨਿਸ਼ਾਨ, ਸਿਹਤ ਮੰਤਰਾਲੇ ਨੇ ਜਾਰੀ ਕੀਤਾ ਟਵੀਟ

02/21/2020 2:02:47 PM

ਨਵੀਂ ਦਿੱਲੀ — ਆਮਤੌਰ 'ਤੇ ਲੋਕ ਛੋਟੀ-ਮੋਟੀ ਬੀਮਾਰੀ ਲਈ ਡਾਕਟਰ ਨੂੰ ਬਿਨਾਂ ਪੁੱਛੇ ਹੀ ਆਪਣੇ ਘਰ ਦੇ ਨੇੜੇ ਦੇ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਕੇ ਖਾ ਲੈਂਦੇ ਹਨ। ਇਸ ਦਾ ਸਿਹਤ 'ਤੇ ਕਈ ਵਾਰ ਉਲਟਾ ਅਸਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਗਲਤੀ ਕਾਰਨ ਕਈ ਵਾਰ ਨਵੀਂਆਂ ਬੀਮਾਰੀਆਂ ਵੀ ਮਰੀਜ ਨੂੰ ਲੱਗ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਲੋਕਾਂ ਨੂੰ ਇਸ ਨਾਲ ਜੁੜੀਆਂ ਕਈ ਮਹੱਤਵਪੂਰਨ ਗੱਲਾਂ ਦੀ ਜਾਣਕਾਰੀ ਸਮੇਂ-ਸਮੇਂ 'ਤੇ ਦਿੰਦੀ ਰਹਿੰਦੀ ਹੈ। ਅਜਿਹੀ ਹੀ ਇਕ ਜਾਣਕਾਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ(Ministry of Health and Welfare Department of India) ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਦਿੱਤੀ ਗਈ ਹੈ। ਟਵੀਟ ਕਰਕੇ ਦੱਸਿਆ ਗਿਆ ਹੈ ਕਿ ਦਵਾਈ ਦੇ ਪੈਕੇਟ 'ਤੇ ਜੇਕਰ ਲਾਲ ਲਾਈਨ ਹੋਵੇ ਤਾਂ ਦਵਾਈ ਦਾ ਇਸਤੇਮਾਲ ਡਾਕਟਰੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਹੈ।

 

ਆਓ ਜਾਣਦੇ ਹਾਂ ਕਿ ਇਹ ਨਿਸ਼ਾਨ ਦੇਖਣਾ ਕਿਉਂ ਹੁੰਦਾ ਹੈ ਜ਼ਰੂਰੀ

1. ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਦਵਾਈ ਦੀ ਸਟ੍ਰਿਪ 'ਤੇ ਲਾਲ ਨਿਸ਼ਾਨ(ਪੱਟੀ) ਦਾ ਮਤਲਬ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਦਵਾਈ ਡਾਕਟਰ ਦੀ ਪਰਚੀ ਦੇ ਬਿਨਾਂ ਨਹੀਂ ਦਿੱਤੀ ਜਾ ਸਕਦੀ । ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਕੋਈ ਵੀ ਮੈਡੀਕਲ ਸਟੋਰ ਮਾਲਕ ਨਾ ਤਾਂ ਇਨ੍ਹਾਂ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਦੇ ਵੇਚ ਸਕਦਾ ਹੈ ਅਤੇ ਨਾ ਹੀ ਇਸ ਦੇ ਇਸਤੇਮਾਲ ਲਈ ਮਰੀਜ਼ ਜਾਂ ਕਿਸੇ ਹੋਰ ਨੂੰ ਸਲਾਹ ਦੇ ਸਕਦਾ ਹੈ। 

2 ਸਰਕਾਰ ਦਾ ਕਹਿਣਾ ਹੈ ਕਿ ਐਂਟੀਬਾਇਓਟਿਕ ਦਵਾਈਆਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਦਵਾਈਆਂ ਦੇ ਉੱਤੇ ਇਹ ਖਾਸ ਲਾਲ ਰੰਗ ਦੀ ਪੱਟੀ ਦਿੱਤੀ ਜਾਂਦੀ ਹੈ।

3. ਇਸ ਤੋਂ ਇਲਾਵਾ ਤੁਸੀਂ ਆਮ ਤੌਰ 'ਤੇ ਦਵਾਈਆਂ ਦੇ ਪੈਕੇਟ 'ਤੇ Rx ਲਿਖਿਆ ਦੇਖਿਆ ਹੋਵੇਗਾ, ਪਰ ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ ਕਿ ਇਹ ਕਿਉਂ ਲਿਖਿਆ ਗਿਆ ਹੈ। ਦਰਅਸਲ ਜਿਹੜੀਆਂ ਦਵਾਈਆਂ 'ਤੇ Rx ਲਿਖਿਆ ਹੁੰਦਾ ਹੈ ਉਨ੍ਹਾਂ ਦਵਾਈਆਂ ਨੂੰ ਵੀ ਡਾਕਟਰ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ ਹੈ। ਜੇਕਰ ਡਾਕਟਰ ਪਰਚੀ 'ਤੇ ਲਿਖ ਕੇ ਦੇਵੇ ਤਾਂ ਹੀ ਇਸ ਦਵਾਈ ਨੂੰ ਲੈਣਾ ਚਾਹੀਦਾ ਹੈ। ਨਹੀਂ ਤਾਂ ਇਹ ਦਵਾਈਆਂ ਸਿਹਤ 'ਤੇ ਉਲਟਾ ਅਸਰ ਵੀ ਕਰ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਸਿਰਫ ਉਹ ਹੀ ਡਾਕਟਰ ਸਜੈਸਟ ਕਰ ਸਕਦਾ ਹੈ ਜਿਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਦਾ ਲਾਇਸੈਂਸ ਮਿਲਿਆ ਹੁੰਦਾ ਹੈ।

4. ਲਾਇਸੈਂਸ ਤੋਂ ਬਿਨਾਂ ਡਾਕਟਰ ਜਾਂ ਮੈਡੀਕਲ ਸਟੋਰ ਵਾਲੇ ਇਸ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਨਹੀਂ ਵੇਚ ਸਕਦੇ। ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਸਿੱਧੇ ਮੈਡੀਕਲ ਸਟੋਰ ਤੋਂ ਨਹੀਂ ਖਰੀਦਿਆ ਜਾ ਸਕਦਾ। ਇਹ ਦਵਾਈਆਂ ਸਿਰਫ ਉਹ ਹੀ ਡਾਕਟਰ ਸਜੈਸਟ(recommend) ਕਰਦੇ ਹਨ ਜਿਨ੍ਹਾਂ ਕੋਲ ਇਨ੍ਹਾਂ ਦਵਾਈਆਂ ਨੂੰ ਵੇਚਣ ਦੀ ਆਗਿਆ ਹੁੰਦੀ ਹੈ। ਯਾਨੀ ਕਿ ਇਹ ਦਵਾਈਆਂ ਸਿਰਫ ਡਾਕਟਰ ਹੀ ਤੁਹਾਨੂੰ ਦੇ ਸਕਦੇ ਹਨ।


Related News