BD ਮਿਸ਼ਰਾ ਨੇ ਲੱਦਾਖ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ, 33 ਸਾਲ ਫ਼ੌਜ ''ਚ ਦਿੱਤੀਆਂ ਸੇਵਾਵਾਂ
Sunday, Feb 19, 2023 - 04:16 PM (IST)
ਲੇਹ- ਬ੍ਰਿਗੇਡੀਅਰ (ਸੇਵਾਮੁਕਤ) ਬੀ. ਡੀ ਮਿਸ਼ਰਾ ਨੇ ਐਤਵਾਰ ਨੂੰ ਲੱਦਾਖ ਦੇ ਦੂਜੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਾਬਕਾ IAS ਅਧਿਕਾਰੀ ਰਾਧਾ ਕ੍ਰਿਸ਼ਨ ਮਾਥੁਰ ਦੀ ਥਾਂ ਲਈ ਹੈ। ਸਾਲ 2019 'ਚ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਮਾਥੁਰ 27 ਮਹੀਨਿਆਂ ਲਈ ਇਸ ਦੇ ਉਪ ਰਾਜਪਾਲ ਰਹੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 12 ਫਰਵਰੀ ਨੂੰ ਮਾਥੁਰ ਦਾ ਅਸਤੀਫ਼ਾ ਸਵੀਕਾਰ ਕਰਨ ਤੋਂ ਬਾਅਦ ਮਿਸ਼ਰਾ ਨੂੰ ਲੱਦਾਖ ਦਾ ਉਪ ਰਾਜਪਾਲ ਨਿਯੁਕਤ ਕੀਤਾ ਸੀ।
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਮਿਸ਼ਰਾ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਐੱਨ. ਕੋਟਿਸ਼ਵਰ ਸਿੰਘ ਨੇ ਇੱਥੇ ਰਾਜ ਭਵਨ ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਲੱਦਾਖ ਪੁਲਸ ਨੇ ਮਿਸ਼ਰਾ ਨੂੰ 'ਗਾਰਡ ਆਫ਼ ਆਨਰ' ਦਿੱਤਾ। ਮਿਸ਼ਰਾ 33 ਸਾਲ ਤੋਂ ਵੱਧ ਸੇਵਾਵਾਂ ਦੇਣ ਮਗਰੋਂ 31 ਜੁਲਾਈ 1995 ਨੂੰ ਫੌਜ ਤੋਂ ਸੇਵਾਮੁਕਤ ਹੋਏ। ਉਨ੍ਹਾਂ ਨੇ 3 ਅਕਤੂਬਰ 2017 ਨੂੰ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ।