ਪੁਲਸ ਨੇ ਛਾਪੇਮਾਰੀ ਦੌਰਾਨ ਡਾਕਟਰ ਕੋਲੋਂ ਜ਼ਬਤ ਕੀਤਾ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ, ਗ੍ਰਿਫ਼ਤਾਰ
Tuesday, Jan 18, 2022 - 12:43 PM (IST)
ਤ੍ਰਿਸ਼ੂਰ- ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ 'ਚ ਪੁਲਸ ਨੇ ਇਕ ਹੋਸਟਲ ਭਵਨ 'ਤੇ ਛਾਪੇਮਾਰੀ ਦੌਰਾਨ 24 ਸਾਲਾ ਡਾਕਟਰ ਕੋਲੋਂ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਥੇ ਸਰਕਾਰੀ ਮੈਡੀਕਲ ਕਾਲਜ 'ਚ 'ਹਾਊਸ ਸਰਜਨ' ਦੇ ਤੌਰ 'ਤੇ ਕੰਮ ਕਰਨ ਵਾਲਾ ਅਕੀਲ ਮੁਹੰਮਦ ਹੁਸੈਨ ਕੋਝੀਕੋਡ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਸ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਕਾਲਜ ਨਾਲ ਲੱਗਦੇ ਹੋਸਟਲ 'ਚ ਛਾਪੇਮਾਰੀ ਦੌਰਾਨ ਉਸ ਕੋਲੋਂ 2.78 ਗ੍ਰਾਮ ਐੱਮ.ਡੀ.ਐੱਮ.ਏ. ਨਾਮੀ ਨਸ਼ੀਲਾ ਪਦਾਰਥ ਅਤੇ ਇਕ ਐੱਲ.ਐੱਸ.ਡੀ. ਮੁਹਰ ਬਰਾਮਦ ਹੋਈ ਹੈ।
ਉਨ੍ਹਾਂ ਕਿਹਾ,''ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੱਲ ਯਾਨੀ ਸੋਮਵਾਰ ਰਾਤ ਹੋਸਟਲ 'ਤੇ ਛਾਪਾ ਮਾਰਿਆ ਗਿਆ। ਸ਼ੱਕ ਹੈ ਕਿ ਇਸ 'ਚ ਹੋਰ ਡਾਕਟਰ ਸ਼ਾਮਲ ਹੋ ਸਕਦੇ ਹਨ। ਅਸੀਂ ਹਾਲੇ ਵੱਧ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਇਸ ਤੋਂ ਅਪਰਾਧੀਆਂ ਨੂੰ ਬਚਣ 'ਚ ਮਦਦ ਮਿਲ ਸਕਦੀ ਹੈ।'' ਅਧਿਕਾਰੀ ਅਨੁਸਾਰ, ਗ੍ਰਿਫ਼ਤਾਰ ਡਾਕਟਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਅੱਜ ਦੁਪਹਿਰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।