ਬੰਗਾਲ ’ਚ ਅਭਿਸ਼ੇਕ ਬੈਨਰਜੀ ਦੀ ਰੈਲੀ ਵਾਲੀ ਥਾਂ ਨੇੜੇ ਧਮਾਕਾ, ਦੋ ਲੋਕਾਂ ਦੀ ਮੌਤ, ਕਈ ਜ਼ਖ਼ਮੀ

Saturday, Dec 03, 2022 - 12:54 PM (IST)

ਬੰਗਾਲ ’ਚ ਅਭਿਸ਼ੇਕ ਬੈਨਰਜੀ ਦੀ ਰੈਲੀ ਵਾਲੀ ਥਾਂ ਨੇੜੇ ਧਮਾਕਾ, ਦੋ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕੋਨਟਾਈ- ਪੱਛਮੀ ਬੰਗਾਲ ਦੇ ਪੂਰਬੀ ਮੇਦੀਨੀਪੁਰ ਜ਼ਿਲ੍ਹੇ ਵਿਚ ਤ੍ਰਿਣਮੂਲ ਕਾਂਗਰਸ (TMC) ਦੇ ਸੀਨੀਅਰ ਨੇਤਾ ਅਭਿਸ਼ੇਕ ਬੈਨਰਜੀ ਦੀ ਰੈਲੀ ਵਾਲੀ ਥਾਂ ’ਤੇ ਨੇੜੇ ਹੋਏ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਘਟਨਾ ਕੋਨਟਾਈ ਸ਼ਹਿਰ ਤੋਂ 1.5 ਕਿਲੋਮੀਟਰ ਦੂਰ ਭੂਪਤੀਨਗਰ ਇਲਾਕੇ ਵਿਚ ਹੋਈ, ਜਿੱਥੇ TMC ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸ਼ਨੀਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਿਤ ਕਰਨ ਵਾਲੇ ਹਨ।

ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਕਰੀਬ 11.15 ਵਜੇ ਇਕ ਘਰ ’ਚ ਧਮਾਕਾ ਹੋਇਆ ਅਤੇ ਸ਼ਨੀਵਾਰ ਸਵੇਰ ਨੂੰ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਘਟਨਾ ’ਚ ਕੁਝ ਹੋਰ ਲੋਕ ਜ਼ਖ਼ਮੀ ਹੋਏ ਹਨ। ਸਬ-ਡਿਵੀਜ਼ਨਲ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਸਫੋਟ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਘਟਨਾ 'ਚ ਛੱਤ ਵਾਲਾ ਕੱਚਾ ਘਰ ਉੱਡ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਲਈ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਕੇ ਸੈਂਪਲ ਇਕੱਠੇ ਕਰੇਗੀ।

ਭਾਜਪਾ ਦੇ ਕੌਮੀ ਉਪ-ਪ੍ਰਧਾਨ ਦਿਲੀਪ ਘੋਸ਼ ਨੇ ਇਸ ਘਟਨਾ ਲਈ TMC ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸੂਬੇ ’ਚ ਸਿਰਫ ਬੰਬ ਬਣਾਉਣ ਦਾ ਉਦਯੋਗ ਵੱਧ ਫੁਲ ਰਿਹਾ ਹੈ। ਮਾਕਸਵਾਦੀ ਕਮਿਊਨਿਸਟੀ ਪਾਰਟੀ ਦੇ  ਸੀਨੀਅਰ ਆਗੂ ਸੁਜਾਨ ਚੱਕਰਵਰਤੀ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਜਿਹੀਆਂ ਘਟਨਾਵਾਂ 'ਤੇ ਚੁੱਪ ਕਿਉਂ ਹੈ ਅਤੇ ਉਨ੍ਹਾਂ ਨੂੰ ਇਸ ਘਟਨਾ 'ਤੇ ਬਿਆਨ ਦੇਣਾ ਚਾਹੀਦਾ ਹੈ।


author

Tanu

Content Editor

Related News