ਚਾਰ ਧਾਮ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਆਫਲਾਈਨ ਰਜਿਸਟ੍ਰੇਸ਼ਨ ’ਤੇ ਲੱਗੀ ਰੋਕ
Monday, May 20, 2024 - 11:18 PM (IST)
ਦੇਹਰਾਦੂਨ- ਸੂਬਾ ਸਰਕਾਰ ਨੇ ਚਾਰ ਧਾਮ ਯਾਤਰਾ ਲਈ 31 ਮਈ ਤੱਕ ਆਫਲਾਈਨ ਰਜਿਸਟ੍ਰੇਸ਼ਨ ’ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਸਾਰੇ ਧਾਮਾਂ ’ਚ ਭੀੜ ਨੂੰ ਕੰਟਰੋਲ ਕਰਨ ਲਈ ਪਹਿਲਾਂ ਤੋਂ ਤੈਅ ਸਮਰੱਥਾ ਅਨੁਸਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਪਿਛਲੇ 10 ਦਿਨਾਂ ਦੇ ਯਾਤਰਾ ਪ੍ਰਬੰਧਾਂ ਦਾ ਅਧਿਐਨ ਕੀਤਾ ਜਾਵੇ ਅਤੇ ਇਸ ਦਾ ਮੁਲਾਂਕਣ ਕਰਨ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇ। ਆਨਲਾਈਨ ਰਜਿਸਟ੍ਰੇਸ਼ਨ ਜਾਰੀ ਰਹੇਗੀ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਸਕੱਤਰੇਤ ਵਿਖੇ ਚਾਰ ਧਾਮ ਯਾਤਰਾ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਉਤਰਾਖੰਡ ਦੇ ਹੋਰ ਧਾਰਮਿਕ ਅਤੇ ਪੁਰਾਤਨ ਅਸਥਾਨਾਂ ਦੇ ਦਰਸ਼ਨਾਂ ਲਈ ਵੀ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਨੇ ਗੜ੍ਹਵਾਲ ਦੇ ਕਮਿਸ਼ਨਰ ਅਤੇ ਆਈ. ਜੀ. ਨੂੰ ਨਿਰਦੇਸ਼ ਦਿੱਤੇ ਕਿ ਇਸ ਦੇ ਲਈ ਡਾਇਵਰਸ਼ਨ ਪਲਾਨ ਬਣਾਇਆ ਜਾਵੇ।