ਕੋਰੋਨਾ ਕਾਰਨ ਸ਼ਰਧਾਲੂਆਂ ਦੀ ਹੋਈ ਕਮੀ, ਭਗਵਾਨ ਜਗਨਨਾਥ ਦਾ ਰੱਥ ਖਿੱਚਣ ਲਈ ਆਏ 1000 ਬਾਹੁਬਲੀ ਸੇਵਕ

Wednesday, Jul 14, 2021 - 04:14 PM (IST)

ਕੋਰੋਨਾ ਕਾਰਨ ਸ਼ਰਧਾਲੂਆਂ ਦੀ ਹੋਈ ਕਮੀ, ਭਗਵਾਨ ਜਗਨਨਾਥ ਦਾ ਰੱਥ ਖਿੱਚਣ ਲਈ ਆਏ 1000 ਬਾਹੁਬਲੀ ਸੇਵਕ

ਪੁਰੀ,(ਭਾਸ਼ਾ)– ਕੋਵਿਡ-19 ਮਹਾਮਾਰੀ ਕਾਰਨ ਲਾਗੂ ਨਿਯਮਾਂ ਦੇ ਸਿੱਟੇ ਵਜੋਂ ਪ੍ਰਸਿੱਧ ਰੱਥ ਯਾਤਰਾ ਵਿਚ ਭਗਵਾਨ ਦੇ ਵੱਖ-ਵੱਖ ਵਿਸ਼ਾਲ ਰੱਥਾਂ ਨੂੰ ਖਿੱਚਣ ਲਈ ਇਸ ਵਾਰ ਸ਼ਰਧਾਲੂਆਂ ਦਾ ਇਕੱਠ ਨਹੀਂ ਹੋ ਸਕਿਆ। ਇਸ ਕਾਰਨ ਇਸ ਮੰਦਿਰ ਸ਼ਹਿਰ ਦੇ ਬਾਹੁਬਲੀ ਹੀ ਆਪਣੀ ਪੂਰੀ ਸ਼ਕਤੀ ਨਾਲ ਰੱਥਾਂ ਨੂੰ ਖਿੱਚ ਰਹੇ ਹਨ। ਆਮ ਹਾਲਾਤ ਵਿਚ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਤਿੰਨਾਂ ਰੱਥਾਂ ਨੂੰ ਖਿੱਚਣ ਲਈ 3 ਹਜ਼ਾਰ ਸ਼ਰਧਾਲੂ ਮੌਜੂਦ ਹੁੰਦੇ ਸਨ ਪਰ ਹੁਣ ਇਨ੍ਹਾਂ ਵਿਸ਼ਾਲ ਰੱਥਾਂ ਨੂੰ ਖਿੱਚਣ ਦੀ ਜ਼ਿੰਮੇਵਾਰੀ 1000 ਬਾਹੁਬਲੀ ਸੇਵਕਾਂ ਨੂੰ ਦਿੱਤੀ ਗਈ ਹੈ। ਰਵਾਇਤੀ ‘ਜਗਹਾਰ’ ਜਾਂ ‘ਪਹਿਲਵਾਨ ਕੇਂਦਰ’ ਨੇ ਆਪਣੇ ਮੈਂਬਰਾਂ ਖਾਸ ਕਰ ਕੇ ਸੇਵਕ ਪਰਿਵਾਰਾਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਰੋਜ਼ਾਨਾ ਮਲਖਮ ਦਾ ਅਭਿਆਸ ਕਰਨ ਲਈ ਕਿਹਾ ਹੈ ਤਾਂ ਜੋ ਉਹ ਇੰਨੇ ਚੁਸਤ ਹੋ ਜਾਣ ਕਿ ਤਿੰਨ ਵਿਅਕਤੀਆਂ ਦਾ ਕੰਮ ਇਕੱਲੇ ਹੀ ਕਰ ਸਕਣ।

ਲਗਭਗ 100 ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬਾਡੀ ਬਿਲਡਰ ਅਨਿਲ ਗੋਚੀਕਰ ਨੇ ਵਿਸ਼ੇਸ਼ ਤੌਰ ’ਤੇ ਰੱਥ ਯਾਤਰਾ ਤੋਂ ਪਹਿਲਾਂ ਸੇਵਕਾਂ ਨੂੰ ਸਰੀਰਕ ਮਜ਼ਬੂਤੀ ਦੀ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਵਿਸ਼ਾਲ ਰੱਥਾਂ ਨੂੰ ਖਿੱਚਣ ਵਾਲੇ ਵਧੇਰੇ ਸੇਵਕ ਭਲਵਾਨ ਹਨ। ਉਨ੍ਹਾਂ ਦਾ ਸਰੀਰ ਚੁਸਤ ਹੈ। ਸੇਵਕ ਜਗਘਰ ਵਿਖੇ ਘੱਟੋ-ਘੱਟ 2 ਘੰਟੇ ਕਸਰਤ ਕਰਦੇ ਹਨ।

ਖਾਣ-ਪੀਣ ਦੇ ਮਾਮਲੇ ਵਿਚ ਸ਼ਾਕਾਹਾਰੀ ਗੋਚੀਕਰ ਨੂੰ ਭਗਵਾਨ ਜਗਨਨਾਥ ਵਿਚ ਬੇਹੱਦ ਭਰੋਸਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੁਰੂ ਵਿਚ ਬਹੁਤੀ ਉਮੀਦ ਨਹੀਂ ਸੀ ਕਿ ਘੱਟ ਸੇਵਕਾਂ ਨਾਲ ਰੱਥਾਂ ਨੂੰ ਖਿੱਚਿਆ ਜਾ ਸਕੇਗਾ ਪਰ ਭਗਵਾਨ ਦੇ ਆਸ਼ੀਰਵਾਦ ਨਾਲ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਤਾਂ ਰੱਥ ਘੁੰਮਣ ਲੱਗਾ। ਇਹ ਸਾਡੀ ਸ਼ਕਤੀ ਦਾ ਕਮਾਲ ਨਹੀਂ, ਸਗੋਂ ਉਪਰ ਵਾਲੇ ਦੀ ਇੱਛਾ ਹੈ। ਕਈ ਵਾਰ ‘ਮਿਸਟਰ ਓਡਿਸ਼ਾ’ ਅਤੇ 2012 ਵਿਚ ‘ਮਿਸਟਰ ਇੰਡੀਆ’ ਦਾ ਖਿਤਾਬ ਜਿੱਤ ਚੁੱਕੇ ਗੋਚੀਕਰ ਦੀ ਤਸਵੀਰ ਰੱਥ ਦੀ ਮੋਟੀ ਰੱਸੀ ਨੂੰ ਖਿੱਚਦੇ ਸਮੇਂ ਦੀ ਵਾਇਰਲ ਹੋ ਗਈ ਹੈ।

ਹਮਲਾਵਰਾਂ ਤੋਂ ਮੰਦਿਰ ਅਤੇ ਸਾਮਰਾਜ ਨੂੰ ਬਚਾਉਣ ਲਈ ਬਣਾਇਆ ਗਿਆ ਸੀ ਜਗਘਰ
ਜਗਨਨਾਥ ਸੰਸਕ੍ਰਿਤੀ ਦੇ ਖੋਜਕਰਤਾ ਭਾਸਕਰ ਮਿਸ਼ਰਾ ਨੇ ਦੱਸਿਆ ਕਿ ਜਗਘਰ ਜਾਂ ਪਹਿਲਵਾਨ ਕੇਂਦਰ ਹਰਮਨਪਿਆਰੇ ਹਨ ਕਿਉਂਕਿ ਪੁਰੀ ਦੇ ਇਸ ਖੁਸ਼ਹਾਲ ਮੰਦਿਰ ਅਤੇ ਲੋੜ ਪੈਣ ’ਤੇ ਸਾਮਰਾਜ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਇਸ ਨੂੰ ਇਸ ਦੇ ਆਸ-ਪਾਸ ਤਿਆਰ ਕੀਤਾ ਗਿਆ ਸੀ। ਸੇਵਕਾਂ ਦਾ ਸੁਡੋਲ ਸਰੀਰ ਬਣਾਉਣਾ ਪ੍ਰੰਪਰਾ ਦਾ ਹਿੱਸਾ ਹੈ।


author

Rakesh

Content Editor

Related News