ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਕਤਲ

Friday, Nov 07, 2025 - 10:17 PM (IST)

ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਕਤਲ

ਕੋਟਕਪੂਰਾ (ਨਰਿੰਦਰ, ਜਗਤਾਰ ਦੁਸਾਂਝ) - ਅੱਜ ਸ਼ਾਮ ਸਮੇਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਜ 19 ਸਾਲਾ ਨੌਜਵਾਨ ਬੌਬੀ ਸਿੰਘ ਵਾਸੀ ਪਿੰਡ ਕੋਹਾਰਵਾਲਾ ਆਪਣੇ ਕਿਸੇ ਦੋਸਤ ਨਾਲ ਪਿੰਡ ਵਾਪਸ ਪਰਤ ਰਿਹਾ ਸੀ ਅਤੇ ਜਦ ਉਹ ਬਾਜ਼ੀਗਰ ਬਸਤੀ ਹਰੀਨੌ ਰੋਡ, ਕੋਟਕਪੂਰਾ ਵਿਖੇ ਸਥਿਤ ਸੂਏ ਦੇ ਪੁਲ ਨੇੜੇ ਪੁੱਜਾ ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਦੇ ਪਿੰਡ ਦੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਪਿਤਾ ਨੇ ਦੋ ਹੋਰ ਅਣਪਛਾਤੇ ਸਾਥੀਆਂ ਨਾਲ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗਰਦਨ ਉੱਪਰ ਲੱਗੇ ਕਈ ਡੂੰਘੇ ਜ਼ਖਮਾਂ ਕਾਰਨ ਘਟਨਾ ਵਾਲੇ ਸਥਾਨ ’ਤੇ ਖੂਨ ਦਾ ਛੱਪੜ ਬਣ ਗਿਆ। ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਦੀ ਅਗਵਾਈ ਹੇਠ ਇੰਸ. ਚਮਕੌਰ ਸਿੰਘ ਬਰਾੜ ਐੱਸ.ਐੱਚ.ਓ. ਥਾਣਾ ਸਿਟੀ ਕੋਟਕਪੂਰਾ ਅਤੇ ਇੰਸਪੈਕਟਰ ਗੁਰਾਂਦਿੱਤਾ ਸਿੰਘ ਐੱਸ.ਐੱਚ.ਓ. ਥਾਣਾ ਸਦਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। ਡੀ.ਐੱਸ.ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 


author

Inder Prajapati

Content Editor

Related News