ਸਰਸਵਤੀ ਮੂਰਤੀ ਵਿਸਰਜਨ ਦੌਰਾਨ ਵਾਪਰਿਆ ਹਾਦਸਾ, ਨਹਿਰ ’ਚ ਡੁੱਬੇ 3 ਨੌਜਵਾਨ
Tuesday, Feb 08, 2022 - 11:40 AM (IST)
ਬਹਾਦੁਰਗੜ੍ਹ (ਪ੍ਰਵੀਣ ਧਨਖੜ)— ਬਹਾਦੁਰਗੜ੍ਹ ਤੋਂ ਕਰੀਬ 10 ਕਿਲੋਮੀਟਰ ਦੂਰ ਰੋਹਤਕ ਰੋਡ ’ਤੇ ਐੱਨ. ਸੀ. ਆਰ. ਨਹਿਰ ਵਿਚ ਸੋਮਵਾਰ ਦੇਰ ਸ਼ਾਮ ਸਰਸਵਤੀ ਮੂਰਤੀ ਵਿਸਰਜਨ ਕਰਨ ਆਏ 5 ਨੌਜਵਾਨ ਨਹਿਰ ’ਚ ਡੁੱਬ ਗਏ। ਇਨ੍ਹਾਂ ’ਚੋਂ 2 ਨੂੰ ਉੱਥੇ ਖੜ੍ਹੇ ਸਾਥੀਆਂ ਨੇ ਮੌਕੇ ’ਤੇ ਬਚਾਅ ਲਿਆ ਅਤੇ ਪੁਲਸ 3 ਨੌਜਵਾਨਾਂ ਦੀ ਭਾਲ ਵਿਚ ਜੁੱਟੀ ਹੋਈ ਹੈ। 3 ਨੌਜਵਾਨਾਂ ’ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ 2 ਨੌਜਵਾਨਾਂ ਦੀ ਭਾਲ ਅਜੇ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ ਡੁੱਬੇ ਨੌਜਵਾਨਾਂ ’ਚ ਦਿਲਖੁਸ਼ ਅਤੇ ਸ਼ੈਲੇਸ਼ ਬਿਹਾਰ ਦੇ ਹਨ ਅਤੇ ਤੀਜਾ ਨੌਜਵਾਨ ਗੌਰਵ ਯੂ. ਪੀ. ਦਾ ਦੱਸਿਆ ਜਾ ਰਿਹਾ ਹੈ। ਤਿੰਨੋਂ ਬਹਾਦੁਰਗੜ੍ਹ ਦੇ ਛੋਟੂਰਾਮ ਨਗਰ ਦੇ ਰਹਿਣ ਵਾਲੇ ਹਨ। ਥਾਣਾ ਮੁਖੀ ਇੰਸਪੈਕਟਰ ਬਾਬੂਲਾਲ ਨੇ ਦੱਸਿਆ ਕਿ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਬਚਾਅ ਕਰਮੀਆਂ ਅਤੇ ਹੋਰ ਗੋਤਾਖੋਰਾਂ ਦੀ ਮਦਦ ਵੀ ਲਈ ਜਾ ਰਹੀ ਹੈ।
ਦੱਸ ਦੇਈਏ ਕਿ ਪੁਲਸ ’ਤੇ ਸਹੀ ਸਮੇਂ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਨਹਿਰ ਨੇੜੇ ਸੜਕ ’ਤੇ ਜਾਮ ਲਾਇਆ। ਡੀ. ਐੱਸ. ਪੀ. ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ। ਨਹਿਰ ਵਿਚ ਡੁੱਬੇ ਨੌਜਵਾਨਾਂ ਦੀ ਭਾਲ ਮੁਹਿੰਮ ਅਜੇ ਵੀ ਜਾਰੀ ਹੈ।