ਬਾਬਾ ਸਿੱਦੀਕੀ ਕਤਲ ਕੇਸ: ਮਾਸਟਰਮਾਈਂਡ ਨੇ ਕੀਤਾ ਸੀ ਸ਼ੂਟਰ ਨੂੰ ਫ਼ਰਜ਼ੀ ਪਾਸਪੋਰਟ ਦੇਣ ਦਾ ਵਾਅਦਾ

Friday, Oct 25, 2024 - 10:32 PM (IST)

ਬਾਬਾ ਸਿੱਦੀਕੀ ਕਤਲ ਕੇਸ: ਮਾਸਟਰਮਾਈਂਡ ਨੇ ਕੀਤਾ ਸੀ ਸ਼ੂਟਰ ਨੂੰ ਫ਼ਰਜ਼ੀ ਪਾਸਪੋਰਟ ਦੇਣ ਦਾ ਵਾਅਦਾ

ਮੁੰਬਈ : ਐੱਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੇ ਮਾਸਟਰਮਾਈਂਡ ਨੇ ਸ਼ੂਟਰਾਂ ਵਿਚੋਂ ਇਕ ਨੂੰ ਵਿਦੇਸ਼ ਭੱਜਣ ਵਿਚ ਮਦਦ ਕਰਨ ਲਈ ਫਰਜ਼ੀ ਪਾਸਪੋਰਟ ਦੇਣ ਦਾ ਵਾਅਦਾ ਕੀਤਾ ਸੀ। ਪੁਲਸ ਨੇ ਵੀਰਵਾਰ ਨੂੰ ਇਹ ਖੁਲਾਸਾ ਕੀਤਾ। ਉਸ ਸ਼ੂਟਰ ਦੀ ਪਛਾਣ 23 ਸਾਲ ਦੇ ਗੁਰਨੈਲ ਸਿੰਘ ਵਜੋਂ ਹੋਈ ਹੈ, ਜਿਸ ਨੂੰ ਇਸ ਕਤਲ ਵਿਚ ਭੂਮਿਕਾ ਲਈ 50,000 ਰੁਪਏ ਦੀ ਸੁਪਾਰੀ ਦਿੱਤੀ ਗਈ ਸੀ। 

ਸ਼ੂਟਰ ਨੂੰ ਸਤਾ ਰਿਹਾ ਸੀ ਸਜ਼ਾ ਦਾ ਡਰ
ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਗੁਰਨੈਲ ਸਿੰਘ 'ਤੇ ਸਾਲ 2019 'ਚ ਕਤਲ ਦਾ ਦੋਸ਼ ਸੀ ਅਤੇ ਉਸ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦਾ ਡਰ ਸੀ। ਮੁੰਬਈ ਪੁਲਸ ਦੇ ਇਕ ਅਧਿਕਾਰੀ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਜ਼ਿਸ਼ਕਰਤਾਵਾਂ ਨੇ ਉਸ ਨੂੰ ਭਾਰਤ ਤੋਂ ਭੱਜਣ ਵਿਚ ਮਦਦ ਲਈ ਜਾਅਲੀ ਦਸਤਾਵੇਜ਼ਾਂ ਦੇ ਨਾਲ ਪਾਸਪੋਰਟ ਦੀ ਵਿਵਸਥਾ ਕਰਨ ਦੀ ਪੇਸ਼ਕਸ਼ ਕੀਤੀ ਸੀ।

ਕਤਲ ਤੋਂ ਬਾਅਦ ਫੜੇ ਗਏ ਸਨ ਸ਼ੂਟਰ ਗੁਰਨੈਲ ਅਤੇ ਧਰਮਰਾਜ
ਗੁਰਨੈਲ ਸਿੰਘ ਅਤੇ ਇਕ ਹੋਰ ਸ਼ੂਟਰ ਧਰਮਰਾਜ ਕਸ਼ਯਪ ਨੂੰ ਹਮਲੇ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂਕਿ ਉਨ੍ਹਾਂ ਦਾ ਸਾਥੀ ਸ਼ਿਵਕੁਮਾਰ ਗੌਤਮ ਅਜੇ ਫਰਾਰ ਹੈ। ਦੋਵੇਂ ਸ਼ੂਟਰ ਕਤਲ ਵਿਚ ਸ਼ਾਮਲ ਇਕ ਹੋਰ ਮਾਡਿਊਲ ਨਾਲ ਜੁੜੇ ਹੋਏ ਸਨ ਅਤੇ ਮੁੱਖ ਸਾਜ਼ਿਸ਼ਕਰਤਾ ਸ਼ੁਭਮ ਲੋਨਕਰ ਅਤੇ ਕਥਿਤ ਮਾਸਟਰਮਾਈਂਡ ਮੁਹੰਮਦ ਜ਼ੀਸ਼ਾਨ ਅਖਤਰ ਨਾਲ ਸਬੰਧ ਸਨ।

ਨਾਕਾਮ ਡੀਲ ਤੋਂ ਬਾਅਦ ਹਾਇਰ ਕੀਤੇ ਸਨ ਨਵੇਂ ਸ਼ੂਟਰ
ਸ਼ੁਰੂ 'ਚ ਠਾਣੇ ਵਿਚ ਸਥਿਤ ਨਿਤਿਨ ਸਪਰੇ ਅਤੇ ਰਾਮ ਕਨੌਜੀਆ ਦੀ ਅਗਵਾਈ ਵਿਚ ਇਕ ਵੱਖਰੇ ਸਮੂਹ ਨੂੰ ਕਤਲ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਈ ਦਿਨਾਂ ਤੱਕ ਸਿੱਦੀਕੀ ਦੇ ਘਰ ਅਤੇ ਦਫ਼ਤਰ ਦੀ ਛਾਣਬੀਣ ਕੀਤੀ ਪਰ ਸਪਰੇ ਵੱਲੋਂ ਕਤਲ ਲਈ 50 ਲੱਖ ਰੁਪਏ ਦੀ ਮੰਗ ਕਰਨ 'ਤੇ ਸੌਦਾ ਟੁੱਟ ਗਿਆ। ਸਾਜ਼ਿਸ਼ਕਰਤਾਵਾਂ ਨੇ 50 ਲੱਖ ਰੁਪਏ ਨੂੰ ਬਹੁਤ ਜ਼ਿਆਦਾ ਰਕਮ ਮੰਨਿਆ ਸੀ।

ਉਦੈਪੁਰ ਤੋਂ ਖ਼ਰੀਦੀ ਗਈ ਸੀ ਪਿਸਤੌਲ
ਨਿਤਿਨ ਸਪਰੇ ਗੈਂਗ ਦੇ ਪਿੱਛੇ ਹਟਣ ਤੋਂ ਬਾਅਦ ਮਾਸਟਰਮਾਈਂਡ ਨੇ ਗੁਰਨੈਲ ਸਿੰਘ ਦੀ ਟੀਮ ਨੂੰ ਇਸ ਕਤਲ ਨੂੰ ਅੰਜਾਮ ਦੇਣ ਦੀ ਯੋਜਨਾ ਵਿਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲਾਂ ਸਪਰੇ ਅਤੇ ਕਨੌਜੀਆ ਜੁਲਾਈ 'ਚ ਪਿਸਤੌਲ ਖਰੀਦਣ ਲਈ ਉਦੈਪੁਰ ਗਏ ਸਨ, ਜੋ ਆਖਰਕਾਰ ਅਪਰਾਧ 'ਚ ਵਰਤੀ ਗਈ ਸੀ। ਇਸ ਕਤਲ ਦੇ ਸਬੰਧ ਵਿਚ ਪੁਲਸ ਨੇ ਪੁਣੇ ਤੋਂ ਰੂਪੇਸ਼ ਮੋਹੋਲ (21), ਕਰਨ ਸਾਲਵੀ (19) ਅਤੇ ਸ਼ਿਵਮ ਕੋਹਾੜ (20) ਸਮੇਤ ਕਈ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉੱਤਰੀ ਭਾਰਤ ਨਾਲ ਮਾਸਟਰਮਾਈਂਡ ਦਾ ਕਨੈਕਸ਼ਨ!
ਇਸ ਹਾਈ ਪ੍ਰੋਫਾਈਲ ਕਤਲ ਦੇ ਸਬੰਧ ਵਿਚ ਪੁਲਸ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਵਾਂਟੇਡ ਮੁਲਜ਼ਮ ਜ਼ੀਸ਼ਾਨ ਅਖਤਰ, ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ, ਜੁਲਾਈ ਵਿਚ ਹਰਿਆਣਾ ਵਿਚ ਸੀ ਅਤੇ ਇਕ ਹੋਰ ਮੁਲਜ਼ਮ ਅਮਿਤ ਹਿਮਸਿੰਗ ਕੁਮਾਰ ਦੇ ਘਰ ਠਹਿਰਿਆ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਿਤ ਅਖ਼ਤਰ ਅਤੇ ਗੁਰਨੈਲ ਸਿੰਘ ਵਿਚਕਾਰ ਅਹਿਮ ਕੜੀ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਕੰਟਰੈਕਟ ਕਿਲਿੰਗ ਦੇ ਮਾਸਟਰਮਾਈਂਡ ਦੇ ਉੱਤਰੀ ਭਾਰਤ ਨਾਲ ਸਬੰਧ ਹੋ ਸਕਦੇ ਹਨ, ਕਿਉਂਕਿ ਵਰਤੇ ਗਏ ਹਥਿਆਰ ਉਸੇ ਖੇਤਰ ਤੋਂ ਪ੍ਰਾਪਤ ਕੀਤੇ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News