ਆਡੀਓ ਮਾਮਲਾ: ਹਿਮਾਚਲ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਵਿਜੀਲੈਂਸ ਟੀਮ ਨੇ ਕੀਤਾ ਗ੍ਰਿਫਤਾਰ

05/22/2020 3:16:31 PM

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਅਜੈ ਕੁਮਾਰ ਗੁਪਤਾ ਨੂੰ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਸੂਬਾ ਸਰਕਾਰ ਨੇ ਗੁਪਤਾ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਸ ਦੇ ਖਿਲਾਫ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਸਿਹਤ ਵਿਭਾਗ 'ਚ ਲੱਖਾਂ ਰੁਪਏ ਦੇ ਲੈਣ ਦੇਣ ਨਾਲ ਜੁੜਿਆ ਆਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ ਸੀ। 

ਇਹ ਹੈ ਪੂਰਾ ਮਾਮਲਾ-
ਆਡੀਓ ਮੁਤਾਬਕ ਇਸ 'ਚ 2 ਲੋਕਾਂ ਦੀ ਗੱਲ ਬਾਤ ਹੈ, ਜਿਸ 'ਚ 5 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਬੈਂਕ ਵਾਲੇ ਸਹਿਯੋਗ ਨਹੀਂ ਕਰ ਰਹੇ ਹਨ। 43 ਸੈਕਿੰਡ ਦੇ ਇਸ ਆਡੀਓ ਦੇ ਅੰਤ 'ਚ 5 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ ਹੈ। ਹੁਣ ਸੀ.ਐੱਮ ਨੇ ਵੀ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕੀਤੀ ਹੈ। ਏ.ਡੀ.ਜੀ. ਅਨੁਰਾਗ ਗਰਗ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਐੱਸ.ਆਈ.ਯੂ ਨੂੰ ਸੌਂਪੀ ਗਈ ਹੈ। ਇਸ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ, ਉਸ ਦੇ ਸਬੰਧੀ ਪਤਾ ਲਾਇਆ ਜਾ ਰਿਹਾ ਹੈ।ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਾਲ ਹੀ ਦੌਰਾਨ ਸਕੱਤਰੇਤ 'ਚ ਸੈਨੇਟਾਈਜ਼ ਖਰੀਦ ਦੇ ਮਾਮਲੇ 'ਚ ਗੜਬੜੀ ਦੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਵਿਜ਼ੀਲੈਂਸ ਨੂੰ ਸੌਂਪੀ ਗਈ ਸੀ। ਇਸ ਮਾਮਲੇ 'ਚ ਦੋਸ਼ ਹੈ ਕਿ ਸਸਤੇ ਸੈਨੇਟਾਈਜ਼ ਜ਼ਿਆਦਾ ਕੀਮਤ 'ਚ ਖਰੀਦੇ ਗਏ ਹਨ। 

ਆਈ.ਜੀ.ਐੱਮ.ਸੀ 'ਚ ਭਰਤੀ-
ਵੀਰਵਾਰ ਦੇਰ ਰਾਤ ਨੂੰ ਹਿਮਾਚਲ ਸਿਹਤ ਵਿਭਾਗ ਦੇ ਡਾਇਰੈਕਟਰ ਅਜੈ ਕੁਮਾਰ ਗੁਪਤਾ ਨੂੰ ਵਿਜ਼ੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਅਤੇ 4-5 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਦੇਰ ਰਾਤ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਟੀਮ ਅਜੈ ਕੁਮਾਰ ਨੂੰ ਰੂਟੀਨ ਚੈੱਕਅਪ ਲਈ ਆਈ.ਜੀ.ਐੱਮ.ਸੀ ਲੈ ਗਈ ਸੀ। ਜਿੱਥੇ ਉਸ ਦੀ ਤਬੀਅਤ ਵਿਗੜਨ 'ਤੇ ਭਰਤੀ ਕੀਤਾ ਗਿਆ। ਗੁਪਤਾ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ।


Iqbalkaur

Content Editor

Related News