ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਤਾਰਾਕੋਟ ਮਾਰਗ ’ਤੇ ਸ਼ਰਧਾਲੂ ਹੋਣਗੇ ਨਿਹਾਲ, ਆਡੀਓ ਸਿਸਟਮ ਕੀਤਾ ਸ਼ੁਰੂ

06/09/2019 12:31:39 AM

ਕਟੜਾ (ਅਮਿਤ)– ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਤਾਰਾਕੋਟ ਮਾਰਗ ਦੀ ਵਰਤੋਂ ਕਰਨ ਵਾਲੇ ਪੈਦਲ ਯਾਤਰੀ ਭਗਤੀ ਭਾਵ ਨਾਲ ਨਿਹਾਲ ਹੋਣਗੇ। ਕਟੜਾ ਤੋਂ ਅਰਧਕੁਆਰੀ ਤੱਕ ਬੀ. ਓ. ਟੀ. ਈ. ਦੇ ਇਕ ਹਾਈਟੈੱਕ ਮਲਟੀਪਰਪਜ਼ ਆਡੀਓ ਸਿਸਟਮ ਨੂੰ ਅੱਜ ਤੋਂ ਚਾਲੂ ਕਰ ਦਿੱਤਾ ਗਿਆ ਹੈ।

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ. ਈ. ਓ. ਸਿਮਰਨਦੀਪ ਸਿੰਘ ਦੀ ਹਾਜ਼ਰੀ ਵਿਚ ਸੋਨੀਪਤ (ਹਰਿਆਣਾ) ਦੇ ਤੀਰਥ ਯਾਤਰੀਆਂ ਦੇ ਇਕ ਸਮੂਹ ਵਲੋਂ ਆਡੀਓ ਸਿਸਟਮ ਦਾ ਰਸਮੀ ਉਦਘਾਟਨ ਕੀਤਾ ਗਿਆ। ਹਵਨ ਯੱਗ ਅਤੇ ਵੈਦਿਕ ਮੰਤਰਾਂ ਦੇ ਜਾਪ ਦਰਮਿਆਨ ਉਪਰੋਕਤ ਮਾਰਗ ’ਤੇ ਆਡੀਓ ਸਿਸਟਮ ਦੇ ਮੁੱਖ ਕੰਟਰੋਲ ਸੈੱਲ ਦਾ ਸੰਚਾਲਨ ਕੀਤਾ ਗਿਆ।

ਇਸ ਸਬੰਧੀ ਵੇਰਵਾ ਦਿੰਦਿਆਂ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਸਿਸਟਮ ਨੂੰ ਬੀ. ਓ. ਐੱਸ. ਈ. ਕਾਰਪੋਰੇਸ਼ਨ ਇੰਡੀਆ ਲਿਮਟਿਡ ਰਾਹੀਂ ਸਥਾਪਿਤ ਕੀਤਾ ਗਿਆ ਹੈ। ਇਸ ਸਿਸਟਮ ਨੂੰ 4.55 ਕਰੋੜ ਰੁਪਏ ਦੀ ਲਾਗਤ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ 5 ਸਾਲਾਂ ਲਈ ਵਿਆਪਕ ਸੰਚਾਲਨ ਅਤੇ ਰੱਖ-ਰਖਾਅ ਵੀ ਸ਼ਾਮਲ ਹੈ। ਤੀਰਥ ਯਾਤਰੀਆਂ ਦੀ ਸਹੂਲਤ ਲਈ ਕੁਲ 15 ਕੰਟਰੋਲ ਬੂਥ ਤੇ ਲਗਭਗ 550 ਸਪੀਕਰ ਲਗਾਏ ਗਏ ਹਨ। ਇਸ ਪ੍ਰਣਾਲੀ ਦੀ ਵਰਤੋਂ ਭਗਤੀ ਸੰਗੀਤ ਅਤੇ ਅਧਿਆਤਮਕ ਗੀਤਾਂ ਨੂੰ ਵਜਾਉਣ ਲਈ ਕੀਤੀ ਜਾਵੇਗੀ, ਜਿਸ ਵਿਚ ਖਾਸ ਤੌਰ ਮੰਤਰ, ਸਤੋਤਰ, ਭਗਤੀ ਭਾਵ ਦੇ ਗੀਤਾਂ ਤੋਂ ਇਲਾਵਾ ਲਾਈਵ, ਅਟਕਾ ਆਰਤੀ, ਪਹਿਲਾਂ ਦਰਜ ਆਮ ਐਲਾਨ, ਮੈਡੀਕਲ ਸਲਾਹ, ਹੰਗਾਮੀ ਹਾਲਤ ਸਬੰਧੀ ਜਨਤਕ ਸੂਚਨਾਵਾਂ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਾਰਾਕੋਟ ਮਾਰਗ ’ਤੇ ਅੱਜ ਦੇ ਲਾਂਚ ਨਾਲ ਪੂਰੇ 23 ਕਿਲੋਮੀਟਰ ਸ਼ਰਾਈਨ ਟ੍ਰੈਕ ਨੂੰ ਮਲਟੀਪਰਪਜ਼ ਆਡੀਓ ਸਿਸਟਮ ਨਾਲ ਕਵਰ ਕੀਤਾ ਗਿਆ ਹੈ। ਇਸ ਅਤਿ-ਆਧੁਨਿਕ ਆਡੀਓ ਸਿਸਟਮ ਵਿਚ ਕਿਸੇ ਵੀ ਹੰਗਾਮੀ ਹਾਲਤ ਜਾਂ ਆਫਤ ਦੀ ਸਥਿਤੀ ਵਿਚ ਸੀ. ਸੀ. ਟੀ. ਵੀ., ਲੈਨ, ਈ. ਪੀ. ਏ. ਬੀ. ਐੱਕਸ ਸਹੂਲਤਾਂ ਅਤੇ ਜਨਤਕ ਐਲਾਨਾਂ ਨਾਲ ਟ੍ਰੈਕ ਅਤੇ ਕਟੜਾ ਸਥਿਤ ਵੱਖ-ਵੱਖ ਸੰਸਥਾਵਾਂ ਨਾਲ ਜੁੜਨ ਦੀ ਵੀ ਵਿਵਸਥਾ ਹੈ।

ਇਸ ਮੌਕੇ ’ਤੇ ਵਿਵੇਕ ਵਰਮਾ, ਵਧੀਕ ਮੁੱਖ ਕਾਰਜਕਾਰੀ ਅਧਿਕਾਰੀ, ਹੇਮਕਾਂਤ ਪ੍ਰਧਾਨ, ਮੁੱਖ ਲੇਖਾ ਅਧਿਕਾਰੀ ਡਾ. ਅਰਵਿੰਦ ਕਰਵਾਨੀ, ਅਮਿਤ ਵਰਮਾਨੀ, ਦੀਪਕ ਦੁਬੇ ਅਤੇ ਡਾ. ਜਗਦੀਸ਼ ਮਹਿਰਾ ਉਪ ਮੁੱਖ ਕਾਰਜਕਾਰੀ ਅਧਿਕਾਰੀ, ਸਹਾਇਕ ਮੁੱਖ ਕਾਰਜਕਾਰੀ ਅਧਿਕਾਰੀ ਰਜਿੰਦਰ ਸਿੰਘ, ਓ. ਐੱਸ. ਡੀ. ਵਿਨੇ ਖਜੂਰੀਆ, ਏ. ਸੀ. ਐੱਫ. ਰੁਦਰਵਿਜੇ ਸਿੰਘ ਆਦਿ ਮੌਜੂਦ ਸਨ।


Inder Prajapati

Content Editor

Related News