ਆਸਾਮ-ਮੇਘਾਲਿਆ ਨੇ 6 ਥਾਂਵਾਂ ''ਤੇ ਸਰਹੱਦੀ ਵਿਵਾਦ ਸੁਲਝਾਇਆ, ਅਮਿਤ ਸ਼ਾਹ ਨੇ ਦੱਸਿਆ ''ਇਤਿਹਾਸਕ ਦਿਨ''

Tuesday, Mar 29, 2022 - 05:50 PM (IST)

ਆਸਾਮ-ਮੇਘਾਲਿਆ ਨੇ 6 ਥਾਂਵਾਂ ''ਤੇ ਸਰਹੱਦੀ ਵਿਵਾਦ ਸੁਲਝਾਇਆ, ਅਮਿਤ ਸ਼ਾਹ ਨੇ ਦੱਸਿਆ ''ਇਤਿਹਾਸਕ ਦਿਨ''

ਨਵੀਂ ਦਿੱਲੀ (ਭਾਸ਼ਾ)- ਅਸਾਮ ਅਤੇ ਮੇਘਾਲਿਆ ਨੇ ਮੰਗਲਵਾਰ ਨੂੰ 12 'ਚੋਂ 6 ਥਾਵਾਂ 'ਤੇ ਆਪਣੇ ਪੰਜ ਦਹਾਕੇ ਪੁਰਾਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਉੱਤਰ-ਪੂਰਬ ਲਈ ‘ਇਤਿਹਾਸਕ ਦਿਨ’ ਕਰਾਰ ਦਿੱਤਾ। ਸਮਝੌਤੇ 'ਤੇ ਸ਼ਾਹ, ਅਸਾਮ ਅਤੇ ਮੇਘਾਲਿਆ ਦੇ ਮੁੱਖ ਮੰਤਰੀਆਂ ਹਿਮੰਤ ਬਿਸਵਾ ਸਰਮਾ ਅਤੇ ਕੋਨਰਾਡ ਸੰਗਮਾ ਦੀ ਮੌਜੂਦਗੀ 'ਚ ਹਸਤਾਖ਼ਰ ਕੀਤੇ ਗਏ। ਇਹ ਸਮਝੌਤਾ 884.9 ਕਿਲੋਮੀਟਰ ਦੀ ਸਰਹੱਦ 'ਤੇ 12 'ਚੋਂ ਛੇ ਥਾਵਾਂ 'ਤੇ ਦੋਹਾਂ ਸੂਬਿਆਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਹੱਲ ਕਰੇਗਾ। ਸ਼ਾਹ ਨੇ ਇਥੇ ਗ੍ਰਹਿ ਮੰਤਰਾਲੇ 'ਚ ਆਯੋਜਿਤ ਇਕ ਸਮਾਗਮ 'ਚ ਕਿਹਾ,''ਇਹ ਉੱਤਰ-ਪੂਰਬ ਲਈ ਇਤਿਹਾਸਕ ਦਿਨ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਮਝੌਤੇ 'ਤੇ ਹਸਤਾਖ਼ਰ ਨਾਲ ਦੋਹਾਂ ਸੂਬਿਆਂ ਵਿਚਾਲੇ 70 ਫੀਸਦੀ ਸਰਹੱਦੀ ਵਿਵਾਦ ਹੱਲ ਹੋ ਗਏ ਹਨ। ਛੇ ਥਾਵਾਂ 'ਤੇ 36 ਪਿੰਡ ਹਨ, ਜੋ 36.79 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦੇ ਹਨ, ਜਿਸ ਦੇ ਸਬੰਧ ਵਿਚ ਇਕ ਸਮਝੌਤਾ ਹੋਇਆ ਹੈ।

 

ਦੋਹਾਂ ਸੂਬਿਆਂ ਨੇ ਪਿਛਲੇ ਸਾਲ ਅਗਸਤ 'ਚ ਗੁੰਝਲਦਾਰ ਸਰਹੱਦੀ ਮੁੱਦੇ 'ਤੇ ਤਿੰਨ-ਤਿੰਨ ਕਮੇਟੀਆਂ ਬਣਾਈਆਂ ਸਨ। ਕਮੇਟੀ ਦਾ ਗਠਨ ਸਰਮਾ ਅਤੇ ਸੰਗਮਾ ਵਿਚਕਾਰ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਕੀਤਾ ਗਿਆ ਸੀ, ਜਿੱਥੇ ਗੁਆਂਢੀ ਰਾਜਾਂ ਨੇ ਪੜਾਅਵਾਰ ਢੰਗ ਨਾਲ ਵਿਵਾਦ ਨੂੰ ਸੁਲਝਾਉਣ ਦਾ ਫ਼ੈਸਲਾ ਕੀਤਾ ਸੀ। ਕਮੇਟੀਆਂ ਦੁਆਰਾ ਸਾਂਝੇ ਤੌਰ 'ਤੇ ਕੀਤੀਆਂ ਅੰਤਿਮ ਸਿਫ਼ਾਰਸ਼ਾਂ ਅਨੁਸਾਰ, ਪਹਿਲੇ ਪੜਾਅ 'ਚ ਸਮਝੌਤੇ ਲਈ ਲਏ ਗਏ 36.79 ਵਰਗ ਕਿਲੋਮੀਟਰ ਵਿਵਾਦਿਤ ਖੇਤਰ ਵਿੱਚੋਂ, ਆਸਾਮ ਨੂੰ 18.51 ਵਰਗ ਕਿਲੋਮੀਟਰ ਅਤੇ ਮੇਘਾਲਿਆ ਨੂੰ 18.28 ਵਰਗ ਕਿਲੋਮੀਟਰ ਦਾ ਪੂਰਾ ਕੰਟਰੋਲ ਮਿਲੇਗਾ। ਆਸਾਮ ਅਤੇ ਮੇਘਾਲਿਆ ਦਰਮਿਆਨ ਵਿਵਾਦ ਦੇ 12 ਬਿੰਦੂਆਂ ਵਿੱਚੋਂ, ਘੱਟ ਮਹੱਤਵਪੂਰਨ ਮਤਭੇਦ ਵਾਲੇ ਛੇ ਖੇਤਰਾਂ ਨੂੰ ਪਹਿਲੇ ਪੜਾਅ 'ਚ ਲਿਆ ਗਿਆ। ਆਸਾਮ ਅਤੇ ਮੇਘਾਲਿਆ ਵਿਚਾਲੇ ਸਰਹੱਦੀ ਵਿਵਾਦ 50 ਸਾਲਾਂ ਤੋਂ ਲਟਕਿਆ ਹੋਇਆ ਹੈ। ਹਾਲਾਂਕਿ, ਅਜੋਕੇ ਸਮੇਂ ਵਿੱਚ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ 'ਚ ਵਾਧਾ ਹੋਇਆ ਹੈ। ਮੇਘਾਲਿਆ ਨੂੰ 1972 'ਚ ਆਸਾਮ ਤੋਂ ਵੱਖ ਕਰ ਕੇ ਨਵਾਂ ਸੂਬਾ ਬਣਾਇਆ ਗਿਆ ਸੀ ਪਰ ਨਵੇਂ ਸੂਬੇ ਨੇ ਆਸਾਮ ਪੁਨਰਗਠਨ ਐਕਟ, 1971 ਨੂੰ ਚੁਣੌਤੀ ਦਿੱਤੀ ਸੀ, ਜਿਸ ਕਾਰਨ ਸਰਹੱਦੀ ਖੇਤਰਾਂ 'ਚ 12 ਸਥਾਨਾਂ 'ਤੇ ਵਿਵਾਦ ਹੋਇਆ ਸੀ।


author

DIsha

Content Editor

Related News