ਵਰਲਡ ਟਾਇਲਟ ਡੇਅ- ਟਾਇਲਟ ਬਣਾਉਣ ਲਈ ਕਿਹਾ ਤਾਂ ਮਿਲੀ ਤਲਾਕ ਦੀ ਧਮਕੀ

11/19/2017 1:36:41 PM

ਲਖੀਮਪੁਰ-ਖੀਰੀ— ਦੁਨੀਆ ਭਰ 'ਚ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਦੇਸ਼-ਦੁਨੀਆ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਇਸ ਮੌਕੇ 'ਤੇ ਸਵੱਛਤਾ ਦਾ ਸੰਦੇਸ਼ ਦੇ ਰਹੀਆਂ ਹਨ ਪਰ ਜ਼ਮੀਨ 'ਤੇ ਹਾਲਾਤ ਕੀ ਹੈ, ਉਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਨਵ ਵਿਆਹੁਤਾ ਔਰਤ ਨੂੰ ਸਹੁਰੇ ਘਰ 'ਚ ਟਾਇਲਟ ਨਾ ਹੋਣ ਕਾਰਨ ਸਹੁਰਾ ਘਰ ਛੱਡਣਾ ਪਿਆ ਹੈ। ਉਸ ਨੇ ਜਦੋਂ ਕਈ ਵਾਰ ਟਾਇਲਟ ਬਣਵਾਉਣ ਦੀ ਜਿੱਦ ਕੀਤੀ ਤਾਂ ਉਸ ਨੂੰ ਤਲਾਕ ਦੀ ਧਮਕੀ ਵੀ ਦਿੱਤੀ ਗਈ। ਮਾਮਲਾ ਲਖੀਮਪੁਰ-ਖੀਰੀ ਜ਼ਿਲੇ ਦੇ ਸਿਕੰਦਰਾਬਾਦ ਕਸਬੇ ਦਾ ਹੈ। ਜਿੱਥੇ ਕਰੀਬ ਇਕ ਸਾਲ ਪਹਿਲਾਂ ਸ਼ਮਸੁਨਨਿਸ਼ਾਂ ਦਾ ਨਿਕਾਹ ਦਾਨਿਸ਼ ਨਾਲ ਹੋਇਆ ਸੀ। ਸਹੁਰੇ ਜਾਣ 'ਤੇ ਉਸ ਨੂੰ ਪਤਾ ਲੱਗਾ ਕਿ ਘਰ 'ਚ ਟਾਇਲਟ ਹੀ ਨਹੀਂ ਹੈ।
ਐੱਸ.ਡੀ.ਐੱਮ. ਸਦਰ ਨੂੰ ਦਿੱਤੇ ਗਏ ਆਪਣੇ ਪ੍ਰਾਰਥਨਾ ਪੱਤਰ 'ਚ ਔਰਤ ਨੇ ਦੱਸਿਆ ਹੈ ਕਿ ਉਸ ਨੇ ਸਹੁਰੇ ਵਾਲਿਆਂ ਨੂੰ ਕਈ ਵਾਰ ਟਾਇਲਟ ਬਣਵਾਉਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਨਹੀਂ ਸੁਣੀ। ਜ਼ਿਆਦਾ ਕਹਿਣ 'ਤੇ ਪਤੀ ਤਲਾਕ ਦੀ ਧਮਕੀ ਦਿੰਦਾ ਸੀ। ਅੰਤ 'ਚ ਔਰਤ ਨੇ ਸਹੁਰਾ ਘਰ ਛੱਡਣ ਦਾ ਫੈਸਲਾ ਕੀਤਾ ਅਤੇ ਐੱਸ.ਡੀ.ਐੱਮ. ਨੂੰ ਦਿੱਤੇ ਆਪਣੇ ਪ੍ਰਾਰਥਨਾ ਪੱਤਰ 'ਚ ਉਸ ਨੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਐੱਸ.ਡੀ.ਐੱਮ. ਸਦਰ ਨਾਗੇਂਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਦੱਸਿਆ,''ਔਰਤ ਨੇ ਪ੍ਰਾਰਥਨਾ ਪੱਤਰ ਦਿੱਤਾ ਹੈ। ਉਸ ਨੇ ਸਹੁਰੇ ਪਰਿਵਾਰ ਵਾਲਿਆਂ 'ਤੇ ਕਈ ਤਰ੍ਹਾਂ ਦੇ ਤਸੀਹੇ ਦੇਣ ਦਾ ਦੋਸ਼ ਲਾਇਆ ਹੈ। ਟਾਇਲਟ ਦਾ ਮੁੱਦਾ ਵੀ ਉਨ੍ਹਾਂ 'ਚੋਂ ਇਕ ਹੈ। ਮੈਂ ਨੀਮਗਾਓਂ ਦੇ ਐੱਸ.ਓ. ਅਤੇ ਬੀ.ਡੀ.ਓ. ਨੂੰ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਜਾਂਚ 'ਚ ਜੋ ਸਾਹਮਣੇ ਆਏਗਾ, ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।''


Related News