''ਸਾਨੂੰ ਇਨਸਾਫ਼ ਚਾਹੀਦਾ ਹੈ...'', ਗਗਨਦੀਪ ਰੰਧਾਵਾ ਮਾਮਲੇ ''ਚ ਲੋਕ ਸਭਾ ''ਚ ਬੋਲੇ ਰਵਨੀਤ ਸਿੰਘ ਬਿੱਟੂ

Monday, Mar 23, 2026 - 04:16 PM (IST)

''ਸਾਨੂੰ ਇਨਸਾਫ਼ ਚਾਹੀਦਾ ਹੈ...'', ਗਗਨਦੀਪ ਰੰਧਾਵਾ ਮਾਮਲੇ ''ਚ ਲੋਕ ਸਭਾ ''ਚ ਬੋਲੇ ਰਵਨੀਤ ਸਿੰਘ ਬਿੱਟੂ

ਲੁਧਿਆਣਾ (ਵੈੱਬ ਡੈਸਕ): ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਨੇ ਹੁਣ ਸਿਆਸੀ ਰੂਪ ਧਾਰ ਲਿਆ ਹੈ। ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਰੋਸੇ ਤੋਂ ਬਾਅਦ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਇਸ ਮਾਮਲੇ ਦੀ CBI ਜਾਂਚ ਲਈ ਲਿਖਤੀ ਮੰਗ ਕਰਨ ਦੀ ਅਪੀਲ ਕੀਤੀ ਹੈ। ਦਰਅਸਲ, ਅੱਜ ਲੋਕ ਸਭਾ ਵਿਚ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦਾ ਹੈ, ਪਰ ਜੇਕਰ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ (MPs) ਲਿਖਤੀ ਰੂਪ ਵਿਚ ਦੇਣ ਤਾਂ ਕੇਂਦਰ ਸਰਕਾਰ ਇਸ ਮਾਮਲੇ ਨੂੰ CBI ਨੂੰ ਸੌਂਪ ਦੇਵੇਗੀ। 

ਰਵਨੀਤ ਸਿੰਘ ਬਿੱਟੂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਲੋਕ ਸਭਾ ਵਿਚ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਵਿਰੋਧੀ ਪਾਰਟੀਆਂ ਇਕ ਸਰਕਾਰੀ ਅਧਿਕਾਰੀ ਨੂੰ ਇਨਸਾਫ਼ ਦਿਵਾਉਣ ਲਈ ਇਕੱਠੀਆਂ ਹੋਈਆਂ ਹਨ। ਉਨ੍ਹਾਂ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੀ. ਬੀ.  ਆਈ. ਜਾਂਚ ਲਈ ਗ੍ਰਹਿ ਮੰਤਰੀ ਨੂੰ ਲਿਖਤੀ ਰੂਪ ਵਿਚ ਦੇਣ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀ ਕਿਹਾ ਕਿ ਜੇਕਰ ਉਹ ਸੱਚਮੁੱਚ ਸ਼ਹੀਦਾਂ ਦਾ ਸਤਿਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਵੀ CBI ਜਾਂਚ ਦੀ ਲਿਖਤੀ ਮੰਗ 'ਤੇ ਦਸਤਖਤ ਕਰਨੇ ਚਾਹੀਦੇ ਹਨ।

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਫ਼ ਤੌਰ 'ਤੇ ਲਾਲਜੀਤ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੰਤਰੀ ਨੇ ਉਸ ਨੂੰ ਘਰ ਬੁਲਾ ਕੇ ਕੁੱਟਮਾਰ ਕੀਤੀ ਸੀ ਤੇ ਉਸ ਦੇ ਪਰਿਵਾਰ ਬਾਰੇ ਵੀ ਧਮਕੀਆਂ ਦਿੱਤੀਆਂ ਸਨ। ਰੰਧਾਵਾ ਨੇ ਪਹਿਲਾਂ ਆਪਣੇ ਅਫ਼ਸਰਾਂ ਨੂੰ ਚਿੱਠੀ ਲਿਖ ਕੇ ਇਨਸਾਫ਼ ਮੰਗਿਆ ਤੇ ਫ਼ਿਰ ਮਜਬੂਰ ਹੋ ਕੇ ਆਪਣੀ ਪਤਨੀ ਤੇ ਧੀਆਂ ਦੀ ਇੱਜ਼ਤ ਬਚਾਉਣ ਖਾਤਰ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ, ਸਿਆਸੀ ਪਾਰਟੀਆਂ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰ ਰਹੀਆਂ ਹਨ, ਸਾਨੂੰ ਇਨਸਾਫ਼ ਚਾਹੀਦਾ ਹੈ। 

ਬਿੱਟੂ ਨੇ ਇਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਬੀਤੇ ਦਿਨੀਂ ਬਾਘਾਪੁਰਾਣਾ ਦੇ ਐੱਸ. ਡੀ. ਐੱਮ. ਨੇ ਡੀ. ਸੀ. ਨੂੰ ਚਿੱਠੀ ਲਿਖ ਕੇ ਆਖਿਆ ਕਿ ਉਸ ਨੂੰ ਹਲਕਾ ਵਿਧਾਇਕ ਤੋਂ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਹੀਂ ਗੁੰਡਾਰਾਜ ਚੱਲ ਰਿਹਾ ਹੈ। ਇਸ ਬੇਇਨਸਾਫ਼ੀ ਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਹੈ, ਜੋ ਪੰਜਾਬ ਵਿਚ ਗੁੰਡਾਰਾਜ ਤੇ ਮਾਫ਼ੀਆ ਰਾਜ ਚਲਾ ਰਿਹਾ ਹੈ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਮਾਮਲੇ ਦੀ ਸੀਬੀਆਈ ਜਾਂਚ ਲਈ ਗ੍ਰਹਿ ਮੰਤਰੀ ਨੂੰ ਲਿਖਤੀ ਰੂਪ ਵਿਚ ਮੰਗ ਕਰਨ ਦੀ ਅਪੀਲ ਕੀਤੀ।


author

Anmol Tagra

Content Editor

Related News