"ਅਸੀਂ ਕੋਈ ਦਲਾਲ ਦੇਸ਼ ਨਹੀਂ...", ਜੈਸ਼ੰਕਰ ਨੇ ਪਾਕਿਸਤਾਨ ਦੀ ਵਿਚੋਲਗੀ ਦੀ ਤੁਲਨਾ ''ਤੇ ਦਿੱਤਾ ਕਰਾਰਾ ਜਵਾਬ

Wednesday, Mar 25, 2026 - 11:07 PM (IST)

"ਅਸੀਂ ਕੋਈ ਦਲਾਲ ਦੇਸ਼ ਨਹੀਂ...", ਜੈਸ਼ੰਕਰ ਨੇ ਪਾਕਿਸਤਾਨ ਦੀ ਵਿਚੋਲਗੀ ਦੀ ਤੁਲਨਾ ''ਤੇ ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ- ਪੱਛਮੀ ਏਸ਼ੀਆ ਵਿੱਚ ਜਾਰੀ ਗੰਭੀਰ ਸੰਕਟ ਅਤੇ ਈਰਾਨ-ਅਮਰੀਕਾ ਦਰਮਿਆਨ ਵਧਦੇ ਤਣਾਅ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਬੁੱਧਵਾਰ ਨੂੰ ਇੱਕ ਅਹਿਮ ਸਰਬ ਪਾਰਟੀ ਮੀਟਿੰਗ ਬੁਲਾਈ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪਾਕਿਸਤਾਨ ਦੀ ਵਿਚੋਲਗੀ ਦੀ ਭੂਮਿਕਾ 'ਤੇ ਸਖ਼ਤ ਟਿੱਪਣੀ ਕਰਦਿਆਂ ਸਪੱਸ਼ਟ ਕੀਤਾ ਕਿ ਭਾਰਤ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ।

ਬੈਠਕ ਦੌਰਾਨ ਜਦੋਂ ਸਪਾ ਨੇਤਾ ਧਰਮਿੰਦਰ ਯਾਦਵ ਅਤੇ ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਵਿਚੋਲਗੀ ਸਬੰਧੀ ਸਵਾਲ ਪੁੱਛਿਆ, ਤਾਂ ਵਿਦੇਸ਼ ਮੰਤਰੀ ਨੇ ਦੋ ਟੂਕ ਜਵਾਬ ਦਿੰਦਿਆਂ ਕਿਹਾ, "ਅਸੀਂ ਕੋਈ ਦਲਾਲ ਦੇਸ਼ ਨਹੀਂ ਹਾਂ" ਜੋ ਵਿਚੋਲਗੀ ਦੀ ਗੱਲ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ 1981 ਤੋਂ ਪਾਕਿਸਤਾਨ ਨੂੰ ਵਿਚੋਲਗੀ ਲਈ ਇਸਤੇਮਾਲ ਕਰਦਾ ਆ ਰਿਹਾ ਹੈ, ਪਰ ਭਾਰਤ ਦੀ ਅਜਿਹੀ ਕੋਈ ਮੰਸ਼ਾ ਨਹੀਂ ਹੈ।

ਸਰਕਾਰ ਨੇ ਦੇਸ਼ ਵਾਸੀਆਂ ਅਤੇ ਸਿਆਸੀ ਪਾਰਟੀਆਂ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ LPG ਅਤੇ ਪੈਟਰੋਲੀਅਮ ਪਦਾਰਥਾਂ ਦਾ ਲੋੜੀਂਦਾ ਭੰਡਾਰ ਮੌਜੂਦ ਹੈ। ਪ੍ਰੈਜ਼ੈਂਟੇਸ਼ਨ ਰਾਹੀਂ ਦੱਸਿਆ ਗਿਆ ਕਿ ਅਗਲੇ 4-5 ਦਿਨਾਂ ਵਿੱਚ 4 ਜਹਾਜ਼ ਭਾਰਤੀ ਬੰਦਰਗਾਹਾਂ 'ਤੇ ਪਹੁੰਚ ਜਾਣਗੇ ਅਤੇ ਸਰਕਾਰ ਨੇ ਪਹਿਲਾਂ ਹੀ ਐਡਵਾਂਸ ਬੁਕਿੰਗ ਕਰ ਲਈ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕੱਚੇ ਤੇਲ ਦੀ ਸਪਲਾਈ ਨਿਰੰਤਰ ਜਾਰੀ ਹੈ।

ਵਿਰੋਧੀ ਧਿਰ ਦੇ ਸਵਾਲ ਅਤੇ ਸਰਕਾਰ ਦੇ ਜਵਾਬ

ਵਿਰੋਧੀ ਧਿਰ ਦੇ ਸਵਾਲ 'ਤੇ ਵਿਦੇਸ਼ ਸਕੱਤਰ ਨੇ ਦੱਸਿਆ ਕਿ ਈਰਾਨ ਨੇ ਪਰਮਾਣੂ ਪ੍ਰੀਖਣ ਨਾ ਕਰਨ ਦਾ ਭਰੋਸਾ ਦਿੱਤਾ ਸੀ, ਪਰ ਉਹ ਉਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਸੀ, ਜਿਸ ਕਾਰਨ ਅਮਰੀਕਾ ਅਤੇ ਇਜ਼ਰਾਈਲ ਨੇ ਹਮਲਾ ਕੀਤਾ।

ਅਸਦੁਦੀਨ ਓਵੈਸੀ ਵੱਲੋਂ ਈਰਾਨੀ ਆਗੂ ਖਾਮੇਨੇਈ ਦੀ ਮੌਤ 'ਤੇ ਸੋਕ ਸੰਦੇਸ਼ ਵਿੱਚ ਦੇਰੀ ਬਾਰੇ ਪੁੱਛੇ ਜਾਣ 'ਤੇ ਦੱਸਿਆ ਗਿਆ ਕਿ ਦਿੱਲੀ ਸਥਿਤ ਈਰਾਨੀ ਦੂਤਾਵਾਸ ਚਾਰ ਦਿਨਾਂ ਬਾਅਦ ਖੁੱਲ੍ਹਿਆ ਸੀ, ਜਿਸ ਕਾਰਨ ਦੇਰੀ ਹੋਈ।

ਸਰਕਾਰ ਨੇ ਦੱਸਿਆ ਕਿ ਹੁਣ ਤੱਕ ਯੁੱਧ ਪ੍ਰਭਾਵਿਤ ਖੇਤਰਾਂ ਵਿੱਚੋਂ 4,25,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ।

ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਕਾਂਗਰਸ, ਸਪਾ, ਜੇਡੀਯੂ ਅਤੇ ਸੀਪੀਆਈਐਮ ਵਰਗੀਆਂ ਪ੍ਰਮੁੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ। ਮੀਟਿੰਗ ਲਗਭਗ ਪੌਣੇ ਦੋ ਘੰਟੇ ਚੱਲੀ, ਜਿਸ ਵਿੱਚ ਹੋਰਮੁਜ਼ ਸਟ੍ਰੇਟ ਅਤੇ ਭਾਰਤੀ ਹਿੱਤਾਂ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਗਈ।


author

Rakesh

Content Editor

Related News